ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿਚ ਅਚਾਨਕ ਲੱਗੀ ਅੱਗ
ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਪੀ ਅਪਰੇਸ਼ਨ ਅਤੇ ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿਚ ਅੱਜ ਅਚਾਨਕ ਅੱਗ ਲਗ ਗਈ।
ਗੁਰਦਾਸਪੁਰ (ਹੇਮੰਤ ਨੰਦਾ) : ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਪੀ ਅਪਰੇਸ਼ਨ ਅਤੇ ਸਾਬਕਾ ਹਾਕੀ ਖਿਡਾਰੀ ਬਲਜੀਤ ਸਿੰਘ ਦੀ ਸਰਕਾਰੀ ਕੋਠੀ ਵਿਚ ਅੱਜ ਅਚਾਨਕ ਅੱਗ ਲਗ ਗਈ। ਐਸ.ਪੀ ਦੀ ਸਰਕਾਰੀ ਕੋਠੀ ਦੇ ਨਜ਼ਦੀਕ ਹੀ ਐਸ.ਐਸ.ਪੀ ਬਟਾਲਾ ਅਤੇ ਐਸ.ਡੀ.ਐਮ ਬਟਾਲਾ ਅਤੇ ਦੂਜੇ ਕਈ ਅਧਕਾਰੀਆਂ ਦੀ ਸਰਕਾਰੀ ਰਿਹਾਇਸ਼ ਹੈ। ਉਥੇ ਹੀ ਸੂਚਨਾ ਮਿਲਣ 'ਤੇ ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ ਪਰ ਕੋਠੀ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਐਸ.ਪੀ ਬਲਜੀਤ ਸਿੰਘ ਦੇ ਰੀਡਰ ਰਮੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਐਸ.ਐਸ.ਪੀ ਬਟਾਲਾ ਦੀ ਕੋਠੀ ਵਿਚ ਤੈਨਾਤ ਪੁਲਿਸ ਕਰਮਚਾਰੀਆਂ ਨੇ ਸੂਚਨਾ ਦਿਤੀ ਕਿ ਐਸ.ਪੀ ਬਲਜੀਤ ਸਿੰਘ ਦੀ ਕੋਠੀ ਵਲੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਕਿ ਐਸ.ਪੀ ਛੁੱਟੀ ਉਤੇ ਹਨ ਅਤੇ ਕੋਠੀ ਬੰਦ ਸੀ। ਜਦੋਂ ਉਨ੍ਹਾਂ ਨੇ ਉਥੇ ਪਹੁੰਚ ਕੇ ਜਿੰਦਾ ਤੋੜ ਕੇ ਅੰਦਰ ਵੇਖਿਆ ਤਾਂ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਉਨ੍ਹਾਂ ਨੇ ਤੁਰਤ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਲੱਗੀ ਹੈ। ਉਥੇ ਹੀ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੰਦਰ ਪਏ ਗੈਸ ਸਿਲੰਡਰ ਨੂੰ ਵੀ ਬਾਹਰ ਕਢਿਆ ਗਿਆ ਜਿਸਦੇ ਚਲਦੇ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਪੁਲਿਸ ਅਧਕਾਰੀ ਅਤੇ ਫ਼ਾਇਰ ਅਫ਼ਸਰ ਨੇ ਦਸਿਆ ਕਿ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।