ਚੰਡੀਗੜ੍ਹ 'ਚ ਪੰਜਾਬ ਦੀ ਇਕਲੌਤੀ ਐਸ.ਐਸ.ਪੀ. ਦੀਆਂ ਸ਼ਕਤੀਆਂ ਘਟੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪੁਲਿਸ ਵਿਚ ਪੰਜਾਬ ਕੇਡਰ ਦੀ ਇਕਲੌਤੀ ਐਸ.ਐਸ.ਪੀ. ਦੇ ਅਹੁਦੇ ਦਾ ਰੋਹਬ ਖ਼ਤਮ ਹੁੰਦਾ ਜਾ ਰਿਹਾ ਹੈ।

ssp nilambri vijay jagdley

ਚੰਡੀਗੜ੍ਹ, (ਤਰੁਣ ਭਜਨੀ): ਚੰਡੀਗੜ੍ਹ ਪੁਲਿਸ ਵਿਚ ਪੰਜਾਬ ਕੇਡਰ ਦੀ ਇਕਲੌਤੀ ਐਸ.ਐਸ.ਪੀ. ਦੇ ਅਹੁਦੇ ਦਾ ਰੋਹਬ ਖ਼ਤਮ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ਦੀ ਮੌਜੂਦਾ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਤੋਂ ਲਗਭਗ ਸਾਰੇ ਚਾਰਜ ਖੋਹ ਲਏ ਗਏ ਹਨ ਅਤੇ ਹੁਣ ਇਸ ਅਸਾਮੀ ਨੂੰ ਸਿਰਫ਼ ਐਸ.ਐਸ.ਪੀ. ਲਾਅ ਐਂਡ ਆਰਡਰ ਤਕ ਸੀਮਤ ਕਰ ਦਿਤਾ ਗਿਆ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਪਾਰਟੀ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਐਸ.ਐਸ.ਪੀ. ਤੋਂ ਖੋਹੀਆਂ ਗਈਆਂ ਸ਼ਕਤੀਆਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਚੰਡੀਗੜ੍ਹ ਵਿਚ ਪੰਜਾਬ ਦੀ ਹਿੱਸੇਦਾਰੀ ਘਟਦੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਚੰਡੀਗੜ੍ਹ ਵਿਚ 60:40 ਦਾ ਅਨੁਪਾਤ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ ਰਾਜਪਾਲ ਨੇ ਭਰੋਸਾ ਦਿਤਾ ਸੀ ਕਿ ਚੰਡੀਗੜ੍ਹ ਵਿਚ ਪੰਜਾਬ ਦਾ ਬਣਦਾ ਅਨੁਪਾਤ ਪੂਰਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਵਾਰੀ-ਵਾਰੀ ਐਸ.ਐਸ.ਪੀ. ਤੋਂ ਉਨ੍ਹਾਂ ਦੇ ਚਾਰਜ ਵਾਪਸ ਲਏ ਜਾ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਅਪਣੀ ਇਕਲੌਤੀ ਅਸਾਮੀ ਦੀ ਸਾਖ਼ ਬਚਾਉਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ ਹੈ। ਪੰਜਾਬ ਦੇ ਉਚ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਉਹ ਇਸ ਸਬੰਧੀ ਕੁੱਝ ਵੀ ਕਰਨਾ ਨਹੀਂ ਚਾਹੁੰਦੇ। ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਦਾ 60:40 ਅਨੁਪਾਤ ਪਹਿਲਾਂ ਵੀ ਵਿਗੜਿਆ ਹੋਇਆ ਹੈ। ਹੁਣ ਐਸ.ਐਸ.ਪੀ. ਦੀਆਂ ਘਟੀਆਂ ਸ਼ਕਤੀਆਂ ਨਾਲ ਚੰਡੀਗੜ੍ਹ ਵਿਚ ਪੰਜਾਬ ਦੀ ਸ਼ਮੂਲਿਅਤ ਹੋਰ ਘਟੀ ਹੈ। ਐਸ.ਐਸ.ਪੀ. ਤੋਂ ਅਪਰਾਧ ਸ਼ਾਖ਼ਾ, ਪੁਲਿਸ ਲਾਈਨ ਅਤੇ ਹਾਲ ਹੀ ਵਿਚ ਸੀ.ਆਈ.ਡੀ. ਵਰਗੇ ਮਹੱਤਵਪੂਰਨ ਚਾਰਜ ਵਾਪਸ ਲੈ ਲਏ ਗਏ ਹਨ ਜਿਸ ਨਾਲ ਇਸ ਅਹੁਦੇ ਦੀ ਗਰੀਮਾ ਤੇ ਕਾਫ਼ੀ ਫ਼ਰਕ ਪਿਆ ਹੈ। ਚੰਡੀਗੜ੍ਹ ਵਿਚ ਉਂਜ ਵੀ ਪੰਜਾਬ ਕੇਡਰ ਦੇ ਅਧਿਕਾਰੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਹੁਣ ਐਸ.ਐਸ.ਪੀ. ਤੋਂ ਵਾਪਸ ਲਏ ਗਏ ਚਾਰਜਾਂ ਨਾਲ ਪੰਜਾਬ ਦਾ ਚੰਡੀਗੜ੍ਹ ਵਿਚ ਦਬਦਬਾ ਹੋਰ ਘਟ ਗਿਆ ਹੈ। 
ਨਿਲਾਂਬਰੀ ਵਿਜੇ ਜਗਦਲੇ ਤੋਂ ਪਹਿਲਾਂ ਇਸ ਅਹੁਦੇ 'ਤੇ ਰਹੇ ਸਾਰੇ ਹੀ ਐਸ.ਐਸ.ਪੀਜ਼. ਕੋਲ ਉਕਤ ਸਾਰੇ ਚਾਰਜ਼ ਹੁੰਦੇ ਸਨ ਜਿਸ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਬਣਾਏ ਰਖਣਾ ਕਾਫ਼ੀ ਸੌਖਾ ਹੁੰਦਾ ਸੀ। ਇਸ ਤੋਂ ਇਲਾਵਾ ਸੂਤਰਾਂ ਮੁਤਾਬਕ ਪੁਲਿਸ ਵਿਭਾਗ ਵਿਚ ਲਏ ਜਾਣ ਵਾਲੇ ਕਿਸੇ ਵੀ ਮਹਤਵਪੁਰਨ ਫ਼ੈਸਲੇ ਵਿਚ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ ਹੈ। ਆਲਮ ਇਹ ਹੈ ਕਿ ਇਸ ਸਮੇਂ ਜੇ ਕੋਈ ਵੱਡੀ ਅਪਰਾਧਕ ਘਟਨਾ ਹੱਲ ਹੁੰਦੀ ਹੈ ਤਾਂ ਇਸ ਦੇ ਕ੍ਰੈਡਿਟ ਲੈਣ ਲਈ ਥਾਣਾ ਪੁਲਿਸ ਅਤੇ ਅਪਰਾਧ ਸ਼ਾਖਾ ਦੇ ਆਪਸ ਵਿਚ ਸਿੰਗ ਫਸੇ ਰਹਿੰਦੇ ਹਨ। ਪੁਲਿਸ ਥਾਣਿਆਂ ਦਾ ਜਿੰਮਾ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੂੰ ਦਿਤਾ ਗਿਆ ਹੈ ਜਦਕਿ ਅਪਰਾਧ ਸ਼ਾਖਾ ਐਸ.ਪੀ. ਰਵੀ ਕੁਮਾਰ ਅਤੇ ਪੁਲਿਸ ਲਾਈਨ ਦਾ ਕਾਰਜ ਭਾਰ ਐਸ.ਪੀ. ਈਸ਼ ਸਿੰਘਲ ਕੋਲ ਹੈ।