ਪੁੱਤਰ ਦੀ ਲਟਕਦੀ ਲਾਸ਼ ਵੇਖ ਪਰਵਾਰ ਵਲੋਂ ਪ੍ਰੇਮਿਕਾ ਦੇ ਭਰਾਵਾਂ 'ਤੇ ਕਤਲ ਦੇ ਦੋਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਕਾਕੋਵਾਲ ਰੋਡ ਇਲਾਕੇ ਦੇ ਇਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ

Student found hanging at home

ਲੁਧਿਆਣਾ : ਸਥਾਨਕ ਕਾਕੋਵਾਲ ਰੋਡ ਇਲਾਕੇ ਦੇ ਇਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ, ਜਦੋਂ ਕਿ ਪਰਵਾਰ ਦਾ ਇਲਜ਼ਾਮ ਹੈ ਕਿ ਉਸ ਦੀ ਪ੍ਰੇਮਿਕਾ ਨੇ ਅਪਣੇ ਭਰਾਵਾਂ ਨਾਲ ਮਿਲ ਕੇ ਉਸ ਨੂੰ ਮਰਵਾਇਆ ਹੈ। 20 ਸਾਲਾਂ ਦੇ ਮ੍ਰਿਤਕ ਦੀਪਕ ਦੇ ਪਰਵਾਰਕ ਮੈਂਬਰਾਂ ਨੇ ਥਾਣਾ ਮੇਹਰਬਾਨ ਦੇ ਬਾਹਰ ਧਰਨਾ ਲਗਾ ਕੇ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ।

ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ ਉਨ੍ਹਾਂ ਵਲੋਂ ਧਰਨਾ ਖ਼ਤਮ ਕੀਤਾ ਗਿਆ।  ਦੀਪਕ ਦੇ ਚਾਚਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਦੀਪਕ ਬੀ.ਕਾਮ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ ਅਤੇ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਸਨਿਚਰਵਾਰ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਘਰੋਂ ਬਾਹਰ ਗਏ ਹੋਏ ਸੀ, ਜਦਕਿ ਘਰ 'ਚ ਦੀਪਕ ਇਕੱਲਾ ਸੀ। ਦੇਰ ਰਾਤ ਜਦੋਂ ਪਰਵਾਰ ਮੈਂਬਰ ਘਰ ਨੂੰ ਪਰਤੇ ਤਾਂ ਵੇਖਿਆ ਕਿ ਉਸ ਦੇ ਭਤੀਜੇ ਨੇ ਪੱਖੇ ਨਾਲ ਫਾਹਾ ਲੈ ਕੇ ਅਪਣੀ ਜਾਨ ਦੇ ਦਿਤੀ ਸੀ ਜਦਕਿ ਉਸਦੇ ਪੈਰ ਜ਼ਮੀਨ 'ਤੇ ਲੱਗ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ। 

ਇਸ ਤੋਂ ਤੁਰਤ ਬਾਅਦ ਉਨ੍ਹਾਂ ਨੇ ਦੀਪਕ ਨੂੰ ਉਤਾਰਿਆ ਅਤੇ ਇਕ ਨਿਜੀ ਹਸਪਤਾਲ ਵਿਚ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਦਸਿਆ। ਪਰਵਾਰ ਨੇ ਇਹ ਇਲਜ਼ਾਮ ਲਗਾਇਆ ਕਿ ਦੀਪਕ ਦੇ ਸੁੰਦਰ ਨਗਰ ਚੌਕੀ ਦੇ ਨੇੜੇ ਰਹਿਣ ਵਾਲੀ ਕੁੜੀ ਦੇ ਨਾਲ ਪ੍ਰੇਮ ਸੰਬੰਧ ਸਨ, ਜਿਸਦੇ ਬਾਰੇ ਉਸ ਦੇ ਭਰਾਵਾਂ ਨੂੰ ਪਤਾ ਲੱਗ ਗਿਆ ਸੀ। ਜਿਨ੍ਹਾਂ ਨੇ ਦੀਪਕ ਨੂੰ ਮਾਰਨ ਦੀ ਧਮਕੀ ਵੀ ਦਿਤੀ ਸੀ। ਦੀਪਕ ਦੇ ਪਰਵਾਰ ਮੁਤਾਬਕ ਦੀਪਕ ਨੇ ਖੁਦਕੁਸ਼ੀ ਨਹੀਂ, ਸਗੋਂ ਉਸ ਨੂੰ ਮਾਰਨ ਤੋਂ ਬਾਅਦ ਲਟਕਾਇਆ ਗਿਆ ਹੈ। 

ਧਰਨੇ ਦੌਰਾਨ ਲਗਭਗ ਦੋ ਘੰਟੇ ਤੱਕ ਕਿਸੇ ਵੀ ਰਾਹਗੀਰ ਨੂੰ ਆਉਣ-ਜਾਣ ਨਹੀਂ ਦਿਤਾ ਗਿਆ। ਸੂਚਨਾ ਮਿਲਦੇ ਹੀ ਏਸੀਪੀ ਰਮਨਦੀਪ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਤਾ ਕਿ ਸੋਮਵਾਰ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਖ਼ਤਮ ਕੀਤਾ।