ਅੰਮ੍ਰਿਤਸਰ : ਕਮਿਊਨਿਟੀ ਵਿਚੋਂ ਹੀ ਪਾਜ਼ੇਟਿਵ ਪਾਏ ਗਏ ਨਵੇਂ ਮਰੀਜ਼
ਅੰਮ੍ਰਿਤਸਰ ਵਿੱਚ ਪਿਛਲੇ 12 ਦਿਨਾਂ ਤੋਂ ਕੋਈ ਵੀ ਪਾਜ਼ੇਟਿਵ ਕੇਸ ਨਾ ਆਉਣ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰਵਾਸੀਆਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਸੀ
ਅੰਮ੍ਰਿਤਸਰ, 22 ਅਪ੍ਰੈਲ (ਅਰਵਿੰਦਰ ਵੜੈਚ): ਅੰਮ੍ਰਿਤਸਰ ਵਿੱਚ ਪਿਛਲੇ 12 ਦਿਨਾਂ ਤੋਂ ਕੋਈ ਵੀ ਪਾਜ਼ੇਟਿਵ ਕੇਸ ਨਾ ਆਉਣ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰਵਾਸੀਆਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਸੀ ਪਰ ਬੁਧਵਾਰ ਨੂੰ 2 ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਤੋਂ ਨੈਗੇਟਿਵ ਜਾ ਰਹੇ ਦਿਨਾਂ ਦੀ ਲੜੀ ਫਿਰ ਟੁੱਟ ਗਈ ਹੈ। ਇਹ 2 ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੁਣ 13 ਹੋ ਗਈ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਨਗਰ ਨਿਵਾਸੀ ਬਸੰਤ ਕੁਮਾਰ (68), ਸੰਦੀਪ ਕੁਮਾਰ (37) ਪਾਜ਼ੇਟਿਵ ਪਾਏ ਗਏ ਹਨ।
ਕਮਿਊਨਿਟੀ ਵਿੱਚ ਪਹਿਲਾਂ ਪਾਜ਼ੇਟਿਵ ਪਾਏ ਗਏ ਅਮਰਕੋਟ, ਕ੍ਰਿਸ਼ਨਾ ਨਗਰ ਵਾਸੇ ਕਢਾਈ ਦਾ ਕੰਮ ਕਰ ਵਾਲੇ ਬਲਬੀਰ ਸਿੰਘ ਵੀ ਪਾਜ਼ੇਟਿਵ ਪਾਏ ਗਏ ਸਨ ਪਰ ਇਲਾਜ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 20 ਅਪ੍ਰੈਲ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਕੋਰੋਨਾ ਪਾਜ਼ੇਟਿਵ ਆਈ ਪਤਨੀ ਵੀ ਅਜੇ ਗੁਰੂ ਨਾਨਕ ਦੇ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਅਧੀਨ ਹੈ।
ਅਮਰਕੋਟ ਕ੍ਰਿਸ਼ਨਾ ਨਗਰ ਇਲਾਕੇ ਦੀ ਕਮਿਊਨਿਟੀ ਵਿੱਚ ਉਕਤ ਦੋਨੋ ਪਤੀ-ਪਤਨੀ ਦੇ ਪਾਜ਼ੇਟਿਵ ਆਉ੍ਵਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਵਿੱਚ ਜਾ ਕੇ ਲੋਕਾਂ ਦੀ ਸਕਰੀਨਿੰਗ ਕਰਵਾਈ ਗਈ ਸੀ ਜਿਸ ਦੌਰਾਨ ਬੀਮਾਰੀ ਦੇ ਲੱਛਣ ਪਾਏ ਜਾਣ ਵਾਲੇ ਕੁੱਝ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਸਨ, ਜਿਸਦੇ ਤਹਿਤ ਹੀ ਉਕਤ ਦੋਨੋਂ ਵਿਅਕਤੀ ਦੇ ਟੈਸਟ ਕਰਨ ਉਪਰੰਤ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।