ਬਠਿੰਡਾ ਜੇਲ 'ਚ ਕੈਦੀ ਨੂੰ ਮੋਬਾਈਲ ਫ਼ੋਨ ਤੇ ਨਸ਼ਾ ਦਿੰਦਾ ਪੈਰਾ ਵਲੰਟੀਅਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਮੋਬਾਈਲ ਫ਼ੋਨ ਤੇ 14 ਜ਼ਰਦੇ ਦੀਆਂ ਪੁੜੀਆਂ ਬਰਾਮਦ, ਦੋਹਾਂ ਵਿਰੁਧ ਕੇਸ ਦਰਜ

jail

ਬਠਿੰਡਾ, 23 ਅਪ੍ਰੈਲ (ਸੁਖਜਿੰਦਰ ਮਾਨ): ਜੇਲ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀ ਭਲਾਈ ਲਈ ਤੈਨਾਤ ਕੀਤੇ ਗਏ ਪੈਰਾ ਲੀਗਲ ਵਲੰਟੀਅਰ ਨੂੰ ਸਥਾਨਕ ਕੇਂਦਰੀ ਜੇਲ੍ਹ ਵਿਚ ਮੋਬਾਈਲ ਤੇ ਨਸ਼ਾ ਸਪਲਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਵਲੰਟੀਅਰ ਤੋਂ ਇਹ ਮੋਬਾਈਲ ਤੇ ਨਸ਼ਾ ਲੈ ਕੇ ਅੱਗੇ ਜੇਲ ਵਿਚ ਸਪਲਾਈ ਕਰਨ ਵਾਲੇ ਕੈਦੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਦੋਹਾਂ ਕਥਿਤ ਦੋਸ਼ੀਆਂ ਵਿਰੁਧ ਥਾਣਾ ਕੈਂਟ ਦੀ ਪੁਲਿਸ ਨੇ ਧਾਰਾ 188 ਆਈ.ਪੀ.ਸੀ ਤੇ ਸੈਕਸ਼ਨ 52 ਏ ਪ੍ਰੀਜਨ ਐਕਟ ਤਹਿਤ ਕੈਦੀ ਗੁਰਦੀਪ ਸਿੰਘ ਵਾਸੀ ਵੱਡਾਗੁੜਾ ਜ਼ਿਲ੍ਹਾ ਸਿਰਸਾ ਤੇ ਪੀ.ਐਲ.ਵੀ. ਸੁਖਚੈਨ ਸਿੰਘ ਵਾਸੀ ਗੋਬਿੰਦਪੁਰਾ ਵਿਰੁਧ ਕੇਸ ਦਰਜ ਕjailਰ ਲਿਆ ਗਿਆ ਹੈ।


ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਸੁਖਚੈਨ ਸਿੰਘ ਦੀ ਨਿਯੁਕਤੀ ਬਠਿੰਡਾ ਜੇਲ੍ਹ ਵਿਚ ਤਿੰਨ ਕੁ ਮਹੀਨੇ ਪਹਿਲਾਂ ਹੀ ਹੋਈ ਹੈ ਤੇ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਜੁੜਿਆ ਹੋਣ ਕਾਰਨ ਜੇਲ੍ਹ ਦੇ ਅੰਦਰ ਉਸ ਨੂੰ ਬੈਠਣ ਲਈ ਮੇਜ਼ ਕੁਰਸੀ ਵੀ ਦਿਤਾ ਜਾਂਦਾ ਹੈ। ਇਸ ਛੋਟ ਦਾ ਫ਼ਾਇਦਾ ਉਠਾਉਂਦਿਆਂ ਕਥਿਤ ਦੋਸ਼ੀ ਜੇਲ ਦੇ ਅੰਦਰ 6 ਮੋਬਾਈਲ ਫ਼ੋਨ ਤੇ 14 ਜਰਦੇ ਦੀਆਂ ਪੁੜੀਆਂ ਲੈ ਗਿਆ। ਉਸ ਦਾ ਅੱਗੇ ਕੈਦੀ ਗੁਰਦੀਪ ਸਿੰਘ ਨਾਲ ਰਾਬਤਾ ਕੀਤਾ ਹੋਇਆ ਸੀ ਜਿਹੜਾ ਇਸ ਵਲੰਟੀਅਰ ਤੋਂ ਨਸ਼ਾ ਤੇ ਫ਼ੋਨ ਲੈ ਕੇ ਅੰਦਰ ਜੇਲ ਵਿਚ ਸਪਲਾਈ ਕਰਦਾ ਸੀ।


ਸੂਤਰਾਂ ਮੁਤਾਬਕ ਕੈਦੀ ਗੁਰਦੀਪ ਸਿੰਘ ਨੂੰ ਮੁਸ਼ੱਕਤੀ ਨਿਯੁਕਤ ਕੀਤਾ ਹੋਇਆ ਸੀ ਜਿਸ ਦੇ ਚਲਦੇ ਉਸ ਦੀ ਜੇਲ ਅਧਿਕਾਰੀਆਂ ਦੇ ਦਫ਼ਤਰਾਂ ਤਕ ਪਹੁੰਚ ਬਣੀ ਹੋਈ ਸੀ। ਗੁਰਦੀਪ ਸਿੰਘ ਨੂੰ ਅਦਾਲਤ ਨੇ ਨਸ਼ਾ ਵਿਰੋਧੀ ਐਕਟ ਤਹਿਤ 15 ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।