ਪੁਲਿਸ ਮੁਲਾਜ਼ਮਾਂ 'ਤੇ ਹਮਲਾ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਚਲਦੇ ਅੱਠ ਵਿਰੁਧ ਛੇ ਮੁਕੱਦਮੇ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ 'ਚ ਕਰਫ਼ਿਊ ਦੀ ਉਲੰਘਣਾ ਕਰਨ ਤੋਂ ਰੋਕਿਆ ਗਿਆ ਤਾਂ ਇਕ ਨੌਜਵਾਨ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਪੁਲਸ ਮੁਲਾਜ਼ਮਾਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿਤੇ।

File Photo

ਲੁਧਿਆਣਾ, 22 ਅਪ੍ਰੈਲ (ਗੁਰਮਿੰਦਰ ਗਰੇਵਾਲ): ਸ਼ਹਿਰ 'ਚ ਕਰਫ਼ਿਊ ਦੀ ਉਲੰਘਣਾ ਕਰਨ ਤੋਂ ਰੋਕਿਆ ਗਿਆ ਤਾਂ ਇਕ ਨੌਜਵਾਨ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਪੁਲਸ ਮੁਲਾਜ਼ਮਾਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿਤੇ। ਇਸ ਮਾਮਲੇ ਵਿਚ ਪੁਲਿਸ ਨੇ ਛਾਉਣੀ ਮੁਹੱਲਾ ਦੇ ਰਹਿਣ ਵਾਲੇ ਕੁਛ ਗਿੱਲ ਵਿਰੁਧ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਗਸ਼ਤ ਦੌਰਾਨ ਪੀਸੀਆਰ ਮੁਲਾਜ਼ਮ ਸੁਰਿੰਦਰਪਾਲ ਅਤੇ ਦਮਨ ਕੁਮਾਰ ਛਾਉਣੀ ਮੁਹੱਲਾ ਪਹੁੰਚੇ। ਉਨ੍ਹਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਸਾਹਮਣੇ ਬਣੀ ਪਾਰਕ ਵਿਚ ਭੀੜ ਲੱਗੀ ਹੋਈ ਸੀ। ਮੌਕੇ 'ਤੇ ਪਹੁੰਚੇ ਪੀ.ਸੀ.ਆਰ ਮੁਲਾਜ਼ਮਾਂ ਨੇ ਜਦ ਸਾਰੇ ਲੋਕਾਂ ਨੂੰ ਘਰ ਜਾਣ ਦੀ ਹਦਾਇਤ ਦਿਤੀ ਤਾਂ ਮੁਲਜ਼ਮ ਕੁਛ ਗਿੱਲ ਗੁੱਸੇ ਵਿਚ ਆ ਗਿਆ ਤੇ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਇਸੇ ਦੌਰਾਨ ਉਹ ਅਪਣੇ ਘਰ ਦੇ ਅੰਦਰ ਵੜ ਗਿਆ ਤੇ ਘਰ ਦੀ ਚੌਥੀ ਮੰਜ਼ਲ 'ਤੇ ਜਾ ਕੇ ਇੱਟਾਂ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿਤੇ।

ਇਸ ਦੌਰਾਨ ਪੱਥਰ ਏ.ਐਸ.ਆਈ ਸੁਰਿੰਦਰ ਪਾਲ ਦੇ ਸਿਰ ਵਿਚ ਲੱਗੇ ਤੇ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਲਹੂ-ਲੁਹਾਨ ਹਾਲਤ ਵਿਚ ਸੁਰਿੰਦਰਪਾਲ ਜ਼ਮੀਨ 'ਤੇ ਡਿੱਗ ਪਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਵਰਿਆਮ ਸਿੰਘ ਨੇ ਦਸਿਆ ਕਿ ਜ਼ਖ਼ਮੀ ਹਾਲਤ ਵਿਚ ਸੁਰਿੰਦਰ ਪਾਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਏਸੀਪੀ ਦੇ ਮੁਲਜ਼ਮ ਨੇ ਸੁਰਿੰਦਰ ਪਾਲ ਉੱਪਰ ਜਾਨੋ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਹੈ।

ਜਿਸਦੇ ਚਲਦੇ ਉਸ ਵਿਰੁਧ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੂਸਰੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਚਲਦੇ ਵਿਨੋਦ ਕੁਮਾਰ ਅਤੇ ਕੁੰਦਨ ਕੁਮਾਰ ਵਿਰੁਧ ਮੁਕੱਦਮਾ ਦਰਜ ਕੀਤਾ। ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਸੜਕਾਂ ਤੇ ਘੁੰਮਣ ਅਤੇ ਭੀੜ ਲਗਾ ਕੇ ਸਬਜ਼ੀ ਵੇਚਣ ਵਾਲਿਆਂ ਵਿਰੁਧ ਸਖਤੀ ਕਰਦਿਆਂ ਥਾਣਾ ਡਵੀਜ਼ਨ ਨੰਬਰ ਛੇ ਥਾਣਾ ਹੈਬੋਵਾਲ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਰਾਮ ਬਾਬੂ, ਰਘੁਨਾਥ, ਓਮ ਪ੍ਰਕਾਸ਼, ਹਰਦੇਵ ਅਤੇ ਜੋਗਾ ਸਿੰਘ ਵਿਰੁਧ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ।