ਵਿਆਹ ਨਾ ਹੋਣ 'ਤੇ ਪ੍ਰੇਮੀ ਜੋੜੇ ਨੇ ਇਕੱਠੇ ਮਰਨ ਦਾ ਕੀਤਾ ਵਾਅਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੇ ਵਲੋਂ ਦਿਤੀ ਜ਼ਹਿਰ ਕਾਰਨ ਲੜਕੀ ਦੀ ਮੌਤ

File Photo

ਮਾਛੀਵਾੜਾ, 22 ਅਪ੍ਰੈਲ (ਭੂਸ਼ਣ ਜੈਨ/ ਬਲਬੀਰ ਸਿੰਘ ਬੱਬੀ) : ਮਾਛੀਵਾੜਾ ਨੇੜਲੇ ਪਿੰਡ ਸੈਸੋਂਵਾਲ ਖੁਰਦ ਵਿਖੇ ਪ੍ਰੇਮੀ ਜੋੜੇ ਵਲੋਂ ਪ੍ਰਵਾਰਕ ਮੈਂਬਰ ਰਜ਼ਾਮੰਦ ਨਾ ਹੋਣ 'ਤੇ ਇਕੱਠੇ ਮਰਨ ਦਾ ਵਾਅਦਾ ਕਰ ਲਿਆ ਪਰ ਪ੍ਰੇਮੀ ਲੜਕੇ ਜਗਦੀਪ ਸਿੰਘ ਵਲੋਂ ਦਿਤੀ ਜ਼ਹਿਰ ਕਾਰਨ ਜਿੱਥੇ ਲੜਕੀ ਸੁਖਵਿੰਦਰ ਕੌਰ (20) ਦੀ ਮੌਤ ਹੋ ਗਈ ਉਥੇ ਉਸ ਨੇ ਆਪ ਜ਼ਹਿਰ ਨਾ ਖਾਧੀ ਜਿਸ ਕਾਰਨ ਉਹ ਬਚ ਗਿਆ।

ਮ੍ਰਿਤਕ ਲੜਕੀ ਦੀ ਮਾਤਾ ਕੁਲਦੀਪ ਕੌਰ ਵਾਸੀ ਸੈਸੋਂਵਾਲ ਖੁਰਦ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਲੜਕਾ ਜਗਦੀਪ ਸਿੰਘ ਮੇਰੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਲੜਕੇ ਦੀ ਪਹਿਲਾਂ ਹੋਰ ਕਿਤੇ ਮੰਗਣੀ ਵੀ ਹੋਈ ਹੈ। ਬੀਤੀ ਕੱਲ 21 ਅਪ੍ਰੈਲ ਨੂੰ ਲੜਕਾ ਜਗਦੀਪ ਸਿੰਘ ਤੇ ਉਸ ਦੀ ਮਾਤਾ ਸਰਬਜੀਤ ਕੌਰ ਉਨ੍ਹਾਂ ਦੇ ਘਰ ਆਏ ਅਤੇ ਮੇਰੀ ਲੜਕੀ ਸੁਖਵਿੰਦਰ ਕੌਰ ਤੇ ਸਾਰੇ ਪ੍ਰਵਾਰਕ ਮੈਂਬਰਾਂ ਦੀ ਕਾਫ਼ੀ ਬੇਇਜ਼ਤੀ ਕਰਦਿਆਂ ਚਰਿੱਤਰ ਬਾਰੇ ਵੀ ਅਪਸ਼ਬਦ ਬੋਲੇ।

ਬਾਅਦ ਦੁਪਹਿਰ ਉਸ ਦੀ ਲੜਕੀ ਉਲਟੀਆਂ ਕਰਨ ਲੱਗ ਪਈ ਜਿਸ ਨੇ ਦਸਿਆ ਕਿ ਜਗਦੀਪ ਸਿੰਘ ਘਰ ਆਇਆ ਸੀ ਜਿਸ ਨੇ ਉਸ ਨੂੰ ਜ਼ਹਿਰਲੀ ਸਲਫ਼ਾਸ ਦੀਆਂ ਗੋਲੀਆਂ ਦਿਤੀਆਂ ਅਤੇ ਕਿਹਾ ਕਿ ਪ੍ਰਵਾਰਕ ਮੈਂਬਰ ਅਪਣੇ ਵਿਆਹ ਲਈ ਰਜ਼ਾਮੰਦ ਨਹੀਂ ਹੋ ਰਹੇ ਜਿਸ ਕਾਰਨ ਆਪਾਂ ਦੋਵੇਂ ਜ਼ਹਿਰ ਖਾ ਕੇ ਆਤਮ-ਹਤਿਆ ਕਰ ਲੈਂਦੇ ਹਾਂ। ਗੰਭੀਰ ਹਾਲਤ 'ਚ ਉਸ ਨੇ ਜਦੋਂ ਆਪਣੀ ਲੜਕੀ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਤਾਂ ਉਥੇ ਡਾਕਟਰਾਂ ਨੇ ਮ੍ਰਿਤ ਐਲਾਨ  ਦਿਤਾ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿਤੀ ਹੈ ਅਤੇ ਦੋਸ਼ੀ ਪ੍ਰੇਮੀ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।