ਕੱਚੇ ਕਾਮੇ ਹੀ ਸੰਕਟ ਵਿਚ ਕੰਮ ਆਏ , ਪਨਬਸ ਕਾਮੇ ਹਸਪਤਾਲਾਂ 'ਚ ਐਂਬੂਲੈਂਸ ਸੇਵਾਵਾਂ 'ਤੇ ਲਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹੁਤ ਘੱਟ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਪੰਜਾਬ ਰੋਡਵੇਜ਼, ਪਨਬਸ ਦੇ ਕੱਚੇ ਕਾਮੇ ਹੀ ਆਖ਼ਰ ਕੋਰੋਨਾ ਸੰਕਟ ਦੇ ਚਲਦੇ ਸੰਕਟ ਦੀ ਔਖੀ ਘੜੀ 'ਚ ਕੰਮ ਆਏ ਹਨ।

File Photo

ਚੰਡੀਗੜ੍ਹ, 22 ਅਪ੍ਰੈਲ (ਗੁਰਉਪਦੇਸ਼ ਭੁੱਲਰ): ਬਹੁਤ ਘੱਟ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਪੰਜਾਬ ਰੋਡਵੇਜ਼, ਪਨਬਸ ਦੇ ਕੱਚੇ ਕਾਮੇ ਹੀ ਆਖ਼ਰ ਕੋਰੋਨਾ ਸੰਕਟ ਦੇ ਚਲਦੇ ਸੰਕਟ ਦੀ ਔਖੀ ਘੜੀ 'ਚ ਕੰਮ ਆਏ ਹਨ। ਜ਼ਿਕਰਯੋਗ ਹੈ ਕਿ ਇਹ ਕਾਮੇ ਲੰਮੇ ਸਮੇਂ ਤੋਂ ਅਪਣੀਆਂ ਤਨਖ਼ਾਹਾਂ 'ਚ ਵਾਧੇ ਅਤੇ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਇਨ੍ਹਾਂ ਵਲ ਜ਼ਿਆਦਾ ਧਿਆਨ ਨਾ ਦਿਤਾ ਪਰ ਸੰਕਟ ਦੀ ਘੜੀ 'ਚ ਸਰਕਾਰ ਨੂੰ ਇਨ੍ਹਾਂ ਕਾਮਿਆਂ ਦੀ ਹੀ ਐਮਰਜੈਂਸੀ ਵਾਲੇ ਹਾਲਾਤ 'ਚ ਸਟਾਫ਼ ਦੀ ਕਮੀ ਕਾਰਨ ਲੋੜ ਪੈ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਰਾਜ ਦੇ ਵੱਖ ਵੱਖ ਹਸਪਤਾਲਾਂ 'ਚ ਇਨ੍ਹਾਂ ਪਨਬਸ ਕਾਮਿਆਂ ਨੂੰ ਐਂਬੂਲੈਂਸ ਸੇਵਾ 'ਚ ਲਾਇਆ ਜਾ ਰਿਹਾ ਹੈ। ਰੋਡਵੇਜ਼ ਅਧਿਕਾਰੀਆਂ ਨੂੰ ਜਲੰਧਰ ਅਤੇ ਕਈ ਹੋਰ ਥਾਵਾਂ 'ਤੇ ਸਿਵਲ ਸਰਜਨਾਂ ਵਲੋਂ ਬੁਲਾ ਕੇ ਡਿਊਟੀਆਂ 'ਤੇ ਤੈਨਾਤ ਕਰ ਦਿਤਾ ਗਿਆ। ਹੋਰ ਕਾਮਿਆਂ ਨੂੰ ਵੀ ਐਮਰਜੈਂਸੀ ਸਿਹਤ ਸੇਵਾਵਾਂ 'ਚ ਲਾਉਣ ਦੀ ਪ੍ਰਕਿਰਿਆ ਚਲ ਰਹੀ ਹੈ। ਵੱਖ ਵੱਖ ਥਾਵਾਂ 'ਤੇ ਫਸੇ ਲੋਕਾਂ ਨੂੰ ਇਧਰ ਉਧਰ ਲੈ ਜਾਣ ਅਤੇ ਹੋਰ ਕਈ ਸੇਵਾਵਾਂ ਲਈ ਵੀ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਡਰਾਈਵਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਕੱਚੇ ਕਾਮੇ ਅਪਣੀ ਇਕ ਦਿਨ ਦੀ ਤਨਖ਼ਾਹ ਵੀ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇ ਚੁੱਕੇ ਹਨ।

ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਸੰਕਟ ਦੀ ਘੜੀ 'ਚ ਕੋਰੋਨਾ ਵਿਰੁਧ ਜੰਗ 'ਚ ਉਹ ਸਰਕਾਰ ਦੇ ਨਾਲ ਹਨ ਅਤੇ ਡਿਊਟੀਆਂ ਤੋਂ ਪਿੱਛੇ ਨਹੀਂ ਹਟਣਗੇ ਪਰ ਦੁੱਖ ਇਸ ਗੱਲ ਦਾ ਹੈ ਕਿ ਐਂਬੂਲੈਂਸਾਂ 'ਤੇ ਭੇਜੇ ਜਾਣ ਵਾਲੇ ਪਨਬਸ ਕਾਮਿਆਂ ਦੀ ਸੁਰੱਖਿਆ ਲਈ ਸਾਜ਼ੋ-ਸਾਮਾਨ ਨਹੀਂ ਦਿਤਾ ਜਾ ਰਿਹਾ।

ਇਸ ਤਰ੍ਹਾਂ ਉਹ ਜਾਨ ਜੋਖਮ 'ਚ ਪਾ ਕੇ ਡਿਊਟੀ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਰੱਖਿਆ ਸਾਮਾਨ ਮਾਸਕ, ਦਸਤਾਨੇ, ਸੈਨੇਟਾਈਜ਼ਰ ਅਤੇ ਪੀ.ਪੀ. ਕਿੱਟਾਂ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਲਈ ਵੀ ਹੋਰਲਾਂ ਐਮਰਜੈਂਸੀ ਮੁਲਾਜ਼ਮਾਂ ਵਾਂਗ 50 ਲੱਖ ਰੁਪਏ ਦੇ ਬੀਮੇ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਨੂੰ ਭਵਿੱਖ 'ਚ ਹਾਲਾਤ ਠੀਕ ਹੋਣ 'ਤੇ ਰੈਗੂਲਰ ਵੀ ਕੀਤਾ ਜਾਵੇ।