ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਨੇ ਲਿਆ ਕੋਵਿਡ-19 ਸਬੰਧੀ ਪਟਿਆਲਾ 'ਚ ਸਿਹਤ ਸੇਵਾਵਾਂ ਦਾ ਜਾਇਜ਼ਾ
ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਨੇ ਲਿਆ ਕੋਵਿਡ-19 ਸਬੰਧੀ ਪਟਿਆਲਾ 'ਚ ਸਿਹਤ ਸੇਵਾਵਾਂ ਦਾ ਜਾਇਜ਼ਾ
ਪਟਿਆਲਾ, 22 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਬੀਤੇ ਦਿਨੀ ਰਾਜਪੁਰਾ ਵਿਖੇ ਆਏ ਪਾਜ਼ੇਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਅਤੇ ਹਾਈ ਰਿਸਕ ਕੇਸਾਂ ਦੇ 70 ਸੈਂਪਲ ਕੋਰੋਨਾ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਲੈਬ ਤੋਂ ਆਈ ਰੀਪੋਰਟ ਅਨੁਸਾਰ 18 ਸੈਂਪਲ ਪਾਜ਼ੇਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਅੱਜ ਪਟਿਆਲਾ ਸ਼ਹਿਰ ਦੇ ਪਹਿਲਾਂ ਆ ਚੁੱਕੇ ਪਾਜ਼ੇਟਿਵ ਕੇਸਾਂ ਦੇ ਬਣਾਏ ਕੰਨਟੇਨਮੈਂਟ ਏਰੀਏ ਕੱਚਾ ਪਟਿਆਲਾ ਵਿਚੋਂ 19, ਕੈਲਾਸ਼ ਨਗਰ ਵਿਚੋਂ 25 ਵਿਅਕਤੀਆਂ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚੋਂ 5 ਸੈਂਪਲ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਖੇ ਭੇਜ ਦਿਤਾ ਗਿਆ ਹੈ। ਜਿਨ੍ਹਾਂ ਦੀ ਲੈਬ ਰੀਪੋਰਟ ਕਲ ਨੂੰ ਆਵੇਗੀ। ਉਨ੍ਹਾਂ ਦਸਿਆ ਕਿ ਸਰਕਾਰ ਵੱਲੋ ਕਰੋਨਾ ਜਾਂਚ ਲਈ ਰੈਪਿਡ ਟੈਸਟ ਕੁੱਝ ਸਮੇਂ ਲਈ ਬੰਦ ਕਰ ਦਿਤੇ ਹਨ। ਉਨ੍ਹਾਂ ਦਸਿਆ ਕਿ ਰਾਜਪੁਰਾ ਵਿਖੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਟੀਮਾਂ ਵਲੋਂ ਅੱਜ ਵੀ ਸਰਵੇ ਜਾਰੀ ਰਿਹਾ ਅਤੇ ਤਕਰੀਬਨ 60 ਫ਼ੀ ਸਦੀ ਆਬਾਦੀ ਦਾ ਸਰਵੇ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਪਟਿਆਲਾ ਸ਼ਹਿਰ ਵਿਚ ਸਿਹਤ ਟੀਮਾਂ ਵਲੋਂ ਤਕਰੀਬਨ 99 ਫ਼ੀ ਸਦੀ ਆਬਾਦੀ ਦਾ ਸਰਵੇ ਲਗਭਗ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਵੇ ਦੌਰਾਨ ਜੋ ਵਿਅਕਤੀ ਫਲੂ ਵਰਗੇ ਲੱਛਣਾਂ ਦੇ ਪਾਏ ਜਾ ਰਹੇ ਹਨ ਉਨ੍ਹਾਂ ਨੂੰ ਨੇੜਲੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਂਚ ਕਰ ਕੇ ਮੁਫ਼ਤ ਦਵਾਈ ਮੁਹਈਆ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਵਿਚ ਹੁਣ ਤਕ ਦੇ ਕੋਰੋਨਾ ਮਰੀਜ਼ਾਂ ਦੀ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤਕ ਕੋਰੋਨਾ ਜਾਂਚ ਲਈ ਲਏ 356 ਸੈਂਪਲਾਂ ਵਿਚੋਂ 46 ਕੋਰੋਨਾ ਪਾਜ਼ੇਟਿਵ, 259 ਨੈਗੇਟਿਵ ਅਤੇ 51 ਸੈਂਪਲ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਾਜ਼ੇਟਿਵ ਕੇਸਾਂ ਵਿਚੋਂ ਇਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰ ਕੇ ਘਰ ਭੇਜ ਦਿਤਾ ਗਿਆ ਹੈ।
ਜ਼ਿਲ੍ਹੇ ਵਿਚ ਕੋਵਿਡ-19 ਤਹਿਤ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਲਈ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਵਲੋਂ ਅੱਜ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।