ਰਮਜ਼ਾਨ ਸ਼ਰੀਫ਼ ਦੇ ਮਹੀਨੇ ਦੌਰਾਨ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਲਈ ਮੁੱਖ ਮੰਤਰੀਦਾ ਧਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੇਅਰਮੈਨ ਦਿਲਬਰ ਮੁਹੰਮਦ ਖਾਨ ਵਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਸੀ ਚਿੱਠੀ

image

ਖੰਨਾ, 23 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਅੱਜ ਇਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਰਮਜ਼ਾਨ ਸ਼ਰੀਫ਼ ਦਾ ਪਵਿੱਤਰ ਮਹੀਨਾ ਮਿਤੀ 25 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਮਹੀਨਾ ਦਾ ਮੁਸਲਮਾਨ ਧਰਮ ਵਿਚ ਵਿਸ਼ੇਸ਼ ਸਥਾਨ ਹੈ।


ਉਨ੍ਹਾਂ ਦਸਿਆ ਕਿ ਮਿਤੀ 17 ਅਪ੍ਰੈਲ ਨੂੰ ਉਨ੍ਹਾਂ ਵਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਅਤੇ ਕੋਵਿਡ-19 ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਨੂੰ ਧਿਆਨ ਵਿਚ ਰਖਦੇ ਹੋਏ ਇਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਸੀ ਜਿਸ ਵਿਚ ਇਸ ਮਹੀਨੇ ਦੇ ਸਬੰਧ ਵਿਚ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਹੈ ਜਿਸ 'ਤੇ ਫ਼ੌਰੀ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਪੱਤਰ ਜਾਰੀ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੀ ਸਹੂਲੀਅਤ ਅਤੇ ਕੋਵਿਡ-19 ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਲਈ ਪ੍ਰਸ਼ਾਸਨ ਦੇ ਨਾਲ ਨਾਲ ਮੁਸਲਮਾਨ ਭਾਈਚਾਰੇ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਲਈ ਉਹ ਉਨ੍ਹਾਂ ਦੇ ਧਨਵਾਦੀ ਹਨ। ਇਸ ਮੌਕੇ ਉਨ੍ਹਾਂ ਮੁਸਲਮਾਨ ਭਾਈਚਾਰੇ ਨੂੰ ਅਪੀਲ ਕਰਦਿਆਂ ਸਰਕਾਰ ਵਲੋਂ ਕੋਵਿਡ-19 ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਲਈ ਵੀ ਅਪੀਲ ਕੀਤੀ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਦੇ ਦੌਰਾਨ ਮਸਜਿਦਾਂ ਵਿਚ ਇਕੱਠ ਨਾ ਕਰ ਕੇ ਘਰ ਵਿਚ ਰਹਿ ਕੇ ਹੀ ਅੱਲਾ ਪਾਕਿ ਦੀ ਇਬਾਦਤ ਕੀਤੀ ਜਾਵੇ, ਮਸਜਿਦਾਂ ਦੇ ਨੇੜੇ-ਤੇੜੇ ਕੋਈ ਵੀ ਦੁਕਾਨ ਜਾਂ ਰੇਹੜੀਆਂ ਆਦਿ ਲਗਾ ਕੇ ਸਮਾਨ ਨਾ ਵੇਚਿਆ ਜਾਵੇ, ਸਿਹਰੀ ਅਤੇ ਇਸ ਇਫ਼ਤਾਰੀ ਮੌਕੇ ਮਸਜਿਦਾਂ ਤੋਂ ਲਾਊਡ ਸਪੀਕਰ ਰਾਹੀਂ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਮਜ਼ਾਨ ਸ਼ਰੀਫ਼ ਦਾ ਪਵਿੱਤਰ ਮਹੀਨਾ ਸਾਨੂੰ ਮਾਨਵਤਾ ਦੀ ਸੇਵਾ ਕਰਨੀ ਸਿਖਾਉਂਦਾ ਹੈ ਅਤੇ ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਪ੍ਰਸ਼ਾਸਨ ਨਾਲ ਵੱਧ ਤੋਂ ਵੱਧ ਸਹਿਯੋਗ ਕਰਦੇ ਹੋਏ ਸੰਸਾਰ ਭਰ ਵਿਚ ਫੈਲੀ ਕੋਰੋਨਾ ਵਾਇਰਸ ਨਾਮ ਭਿਆਨਕ ਮਹਾਮਾਰੀ 'ਤੇ ਕਾਬੂ ਪਾਉਣ ਵਿਚ ਯੋਗਦਾਨ ਦੇਣਾ ਚਾਹੀਦਾ ਹੈ।

image
ਚੇਅਰਮੈਨ ਖਾਨ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵਲੋਂ ਘੱਟ ਗਿਣਤੀ ਵਿਭਾਗ ਦੀ ਸਟੇਟ ਬਾਡੀ ਦੇ ਨਾਲ-ਨਾਲ ਜ਼ਿਲ੍ਹਾ ਚੇਅਰਮੈਨ, ਬਲਾਕ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਦੇ ਦੌਰਾਨ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਿੱਧਾ ਉਨ੍ਹਾਂ ਨੂੰ ਜਾਂ ਸਥਾਨਕ ਪ੍ਰਸ਼ਾਸਨ ਵਲੋਂ ਜਾਰੀ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਾਬ ਹਾਕਮ ਦੀਨ, ਹਨੀਫ਼ ਖਾਨ ਰਿੰਕੂ, ਆਤਿਸ਼ ਖਾਨ ਰਾਜੂ ਵੀ ਹਾਜ਼ਰ ਸਨ।