'ਸਰਬੱਤ ਦਾ ਭਲਾ' ਫਾਊਂਡੇਸ਼ਨ ਮੋਹਰੀ ਬਣ ਕੇ ਕਰ ਰਹੀ ਹੈ ਸੇਵਾ, ਵੰਡਿਆ ਲੋੜਵੰਦਾਂ ਨੂੰ ਸਾਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਦੇ ਪਿੱਛੇ ਨਹੀਂ ਹਟਾਂਗੇ, ਨਿਰੰਤਰ ਜਾਰੀ ਰਹੇਗੀ ਸਪਲਾਈ : ਡਾ.ਐੱਸ.ਪੀ. ਸਿੰਘ ਓਬਰਾਏ 

File Photo

 ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ। ਇਸ ਮੁਸ਼ਕਿਲ ਘੜੀ ਵਿਚ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ। ਇਸ ਔਖੀ ਘੜੀ 'ਚ ਸਮਾਜ ਦੀ ਬਿਹਤਰੀ ਲਈ ਸਰਕਾਰਾਂ ਤੋਂ ਵੀ ਪਹਿਲਾਂ ਅੱਗੇ ਆ ਕੇ ਨਿਰਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ.ਮੈਡੀਕਲ ਕਾਲਜਾਂ ਤੋਂ ਇਲਾਵਾ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾਂ, ਪੀ.ਏ.ਪੀ.ਦੇ ਸੈਂਟਰਾਂ ਅਤੇ ਮੀਡੀਆ ਕਰਮੀਆਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੱਡੀ ਗਿਣਤੀ 'ਚ ਪੀ.ਪੀ. ਈ.ਕਿੱਟਾਂ, ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਅਤੇ ਸੈਨੀਟਾਈਜ਼ਰ ਆਦਿ ਲੋੜੀਂਦਾ ਸਮਾਨ ਪੁੱਜਦਾ ਕਰ ਰਹੇ ਹਨ।

ਸਰਬੱਤ ਦਾ ਭਲਾ ਟਰੱਸਟ ਵੱਲੋਂ ਜਲੰਧਰ ਵਿਚ ਵੀ 1200 ਦੇ ਕਰੀਬ ਮਾਸਕ ਵੰਡੇ ਗਏ ਹਨ। ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਿਹਤ ਨਾਲ ਸਬੰਧਿਤ ਸਾਮਾਨ ਮੁਹੱਈਆ ਕਰਵਾਉਣ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ, ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਚੰਡੀਗੜ੍ਹ ਅੰਦਰ ਟਰੱਸਟ ਦੀਆਂ ਇਕਾਈਆਂ ਨੂੰ ਪਹਿਲੇ ਪੜਾਅ ਤਹਿਤ ਕਰੀਬ ਸਵਾ ਕਰੋੜ ਦੀ ਲਾਗਤ ਨਾਲ ਵੱਡੀ ਮਾਤਰਾ 'ਚ ਸੁੱਕਾ ਰਾਸ਼ਨ ਖਰੀਦ ਕੇ ਭੇਜਿਆ ਗਿਆ ਸੀ। ਜੋ ਟਰੱਸਟ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਮਦਦ ਨਾਲ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਆਉਂਦੇ ਤਿੰਨ ਮਹੀਨਿਆਂ ਲਈ ਵੀ ਪ੍ਰਤੀ ਮਹੀਨਾ 35 ਹਜ਼ਾਰ ਲੋੜਵੰਦ ਪਰਿਵਾਰਾਂ ਲਈ ਸੁੱਕੇ ਰਾਸ਼ਨ ਦਾ ਆਰਡਰ ਦੇਣ ਉਪਰੰਤ ਉਨ੍ਹਾਂ ਵੱਲੋਂ ਪਿਛਲੇ 10 ਦਿਨਾਂ ਤੋਂ ਲਗਾਤਾਰ ਦਿਨ-ਰਾਤ ਕੰਮ ਕਰਦਿਆਂ ਪੂਰੀ ਵਿਉਂਤਬੰਦੀ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ਅੰਦਰ ਆਉਂਦੇ ਪ੍ਰਮੁੱਖ ਸਰਕਾਰੀ ਹਸਪਤਾਲਾਂ ਨੂੰ ਲੋੜੀਂਦਾ ਸਮਾਨ ਭੇਜ ਦਿੱਤਾ ਗਿਆ ਹੈ।

ਜਿਸ ਦੀ ਬਦੌਲਤ ਕੋਰੋਨਾ ਜੰਗ ਨੂੰ ਹਰਾਉਣ ਲਈ ਮੋਹਰੀ ਬਣ ਕੇ ਲੜ ਰਹੇ ਡਾਕਟਰਾਂ, ਸਿਹਤ ਵਿਭਾਗ ਦੇ ਹੋਰਨਾਂ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਘਰ-ਘਰ ਖ਼ਬਰਾਂ ਪਹੁੰਚਾਉਣ ਵਾਲੇ ਪੱਤਰਕਾਰ ਸਾਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ 20 ਵੈਂਟੀਲੇਟਰ ਆਰਡਰ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 8 ਵੈਂਟੀਲੇਟਰ ਪ੍ਰਸ਼ਾਸ਼ਨ ਦੀ ਮੰਗ 'ਤੇ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ 12 ਵੈਂਟੀਲੇਟਰ ਵੀ ਜਲਦ ਹੀ ਲੋੜੀਂਦੀਆਂ ਥਾਵਾਂ ਤੇ ਦੇ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲਾਂ ਵੀ 40 ਇਨਫਰਾਰੈੱਡ ਥਰਮਾਮੀਟਰ ਦਿੱਤੇ ਜਾ ਚੁੱਕੇ ਹਨ ਜਦ ਕਿ 200 ਹੋਰ ਬਹੁਤ ਜਲਦ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੇ ਮਾਰਕਫੈੱਡ ਨੇ ਉਨ੍ਹਾਂ ਪਾਸੋਂ ਮੰਡੀਆਂ 'ਚ ਕੰਮ ਕਰਨ ਵਾਲੀ ਲੇਬਰ ਵਾਸਤੇ 20 ਹਜ਼ਾਰ ਮਾਸਕ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਉਸ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।