ਅਮਰੀਕਾ 'ਚ ਰਹਿ ਰਹੇ ਅਕਾਲੀ ਆਗੂ ਦੇ ਪੁੱਤਰ ਦੀ ਕੋਰੋਨਾ ਨਾਲ ਹੋਈ ਮੌਤ
ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਰਹਿ ਰਿਹਾ ਸੀ
Hardeep Singh
ਲੁਧਿਆਣਾ: ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚਕਾਰ ਅਮਰੀਕਾ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ ਜਿਥੇ ਮਾਛੀਵਾੜਾ ਦੇ ਨੇੜਲੇ ਪਿੰਡ ਈਸਾਪੁਰ ਦੇ ਅਕਾਲੀ ਆਗੂ ਮਹਿੰਦਰ ਸਿੰਘ ਦੇ ਪੁੱਤਰ ਹਰਦੀਪ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ।
ਹਰਦੀਪ ਸਿੰਘ ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਰਹਿ ਰਿਹਾ ਸੀ ਅਤੇ ਉੱਥੇ ਹੀ ਕੰਮਕਾਰ ਕਰਦਾ ਸੀ। ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਆਪਣਾ ਇਲਾਜ ਕਰਵਾ ਰਿਹਾ ਸੀ ਤੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ।
ਹਰਦੀਪ ਸਿੰਘ ਦੀ ਮੌਤ ਕਾਰਨ ਈਸਾਪੁਰ ਵਿਖੇ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਕਿ ਹਰਦੀਪ ਸਿੰਘ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ 4 ਮਹੀਨਿਆਂ ਦੀ ਬੱਚੀ ਹੈ।