ਕੋਰੋਨਾ ਦੌਰਾਨ ਲੋਕਾਂ ਦੀ ਕੀਮਤੀ ਜਾਨ ਬਚਾਉਣ 'ਚ PM ਮੋਦੀ ਤੇ ਕੈਪਟਨ ਬੁਰੀ ਤਰਾਂ ਫ਼ੇਲ੍ਹ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਆਕਸੀਜ਼ਨ ਦੀ ਘਾਟ ਲਈ ਨਰੇਂਦਰ ਮੋਦੀ ਤੇ ਅਮਰਿੰਦਰ ਸਿੰਘ ਦੀ ਕੀਤੀ ਅਲੋਚਨਾ

Modi and Captain fail miserably to save precious lives during Covid pandemic: Bhagwant Mann

ਚੰਡੀਗੜ -  ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੋਵਿਡ ਮਹਾਂਮਾਰੀ ਦੌਰਾਨ ਸਮੁੱਚੇ ਦੇਸ਼ ਸਮੇਤ ਪੰਜਾਬ ਵਿੱਚ ਆ ਰਹੀ ਆਕਸੀਜ਼ਨ ਸੇਵਾਵਾਂ ਦੀ ਘਾਟ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਅਲੋਚਨਾ ਕੀਤੀ ਹੈ, ਜੋ ਦੇਸ਼ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਬੂਰੀ ਤਰਾਂ ਨਾਲ ਫੇਲ ਹੋਏ ਹਨ।

ਚੰਡੀਗੜ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ 19 ਨੂੰ ਦੇਸ਼ ਵਿੱਚ ਆਇਆ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪਿਛਲੇ ਸਾਲ ਇਸ ਵਾਇਰਸ ਕਾਰਨ ਲੱਖਾਂ ਲੋਕ ਕੋਵਿਡ ਨਾਲ ਬਿਮਾਰ ਹੋ ਗਏ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।  ਉਨਾਂ ਕਿਹਾ ਜਦੋਂ ਦੇਸ਼ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਦੇਸ਼ ਵਿੱਚ ਕੋਵਿਡ ਮਹਾਂਮਾਰੀ ਦੇ ਮੁੜ ਫੈਲਣ ਦੀ ਅਗਾਊਂ ਚੇਤਾਵਨੀ ਦਿੱਤੀ ਸੀ, ਪਰ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਮਹਾਂਮਾਰੀ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਲੋੜੀਂਦੀਆਂ ਡਾਕਟਰੀ ਸੇਵਾਵਾਂ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ।

ਜਿਸ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਇਲਾਜ ਦੀ ਘਾਟ ਕਾਰਨ ਲੱਖਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਸਰਕਾਰ ਕੋਵਿਡ ਮਹਾਂਮਾਰੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਆਕਸੀਜ਼ਨ ਗੈਸ ਦਾ ਪ੍ਰਬੰਧ ਹੀ ਨਹੀਂ ਕਰ ਸਕੀ। ਅੱਜ ਦੇਸ਼ ਦੇ ਹਰੇਕ ਹਸਪਤਾਲ ਵਿੱਚ ਆਕਸੀਜ਼ਨ ਦੀ ਘਾਟ ਪਾਈ ਜਾ ਰਹੀ ਹੈ।

ਉਨਾਂ ਪ੍ਰਗਟਾਵਾ ਕੀਤਾ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਕਰੀਬ 8 ਮਹੀਨੇ ਪਹਿਲਾਂ ਦੇਸ਼ ਵਿੱਚ 150 ਆਕਸੀਜ਼ਨ ਪਲਾਂਟ ਸਥਾਪਤ ਕਰਨ ਲਈ ਲਗਭਗ 200 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਸਨ, ਪਰ ਟੈਂਡਰ ਜਾਰੀ ਕਰਨ ਤੋਂ 6 ਮਹੀਨੇ ਬੀਤ ਜਾਣ ਬਾਅਦ ਵੀ ਕੇਂਦਰ ਦਾ ਇੱਕ ਵੀ ਆਕਸੀਜਨ ਪਲਾਂਟ ਚਾਲੂ ਨਹੀਂ ਹੋਇਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਿਰਧਾਰਤ 162 ਪੀ.ਐਸ.ਏ ਆਕਸੀਜ਼ਨ ਪਲਾਂਟਾਂ ਵਿੱਚੋਂ ਕੇਵਲ 33 ਪਲਾਂਟ ਹੀ ਸਥਾਪਤ ਹੋਏ ਹਨ।

ਉਨਾਂ ਸਵਾਲ ਕੀਤਾ ਕਿ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਪੈਸਿਆ ਦੀ ਘਾਟ ਹੈ? ਜਿਸ ਵਿੱਚ ਲੋਕਾਂ ਨੇ ਕਰੋੜਾਂ ਰੁਪਿਆ ਦਾਨ ਦਿੱਤਾ ਹੈ, ਪਰ ਪ੍ਰਧਾਨ ਮੰਤਰੀ ਨੇ ਕਦੇ ਇਸ ਫੰਡ ਦਾ ਹਿਸਾਬ ਕਿਤਾਬ ਲੋਕਾਂ ਅੱਗੇ ਪੇਸ਼ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਧਨੀ ਕਹੇ ਜਾਂਦੇ ਸੂਬੇ ਵਿੱਚ ਵੀ ਡਾਕਟਰੀ ਸੇਵਾਵਾਂ ਦਾ ਭੱਠਾ ਬੈਠਿਆ ਪਿਆ ਹੈ। ਕਾਂਗਰਸ ਸਰਕਾਰ ਸੂਬੇ ਵਿੱਚ ਉਚ ਪੱਧਰੀ ਸਹੂਲਤਾਂ ਵਾਲਾ ਇੱਕ ਵੀ ਹਸਪਤਾਲ ਸਥਾਪਤ ਨਹੀਂ ਕਰ ਸਕੀ।

ਜਿਹੜੇ ਮਾੜੇ ਮੋਟੇ ਹਸਪਤਾਲ ਹਨ ਉਨਾਂ ਵਿੱਚ ਵੀ ਨਾ ਤਾਂ ਪੂਰਾ ਸਟਾਫ਼ ਹੈ ਅਤੇ ਨਾ ਹੀ ਮੈਡੀਕਲ ਸਹੂਲਤਾਂ। ਉਨਾਂ ਕਿਹਾ ਕਿ ਕੇਂਦਰ , ਹਰਿਆਣਾ ਤੇ ਹਿਮਾਚਲ ਸਰਕਾਰਾਂ ਵੱਲੋਂ ਪੰਜਾਬ ਨੂੰ ਆਕਸੀਜ਼ਨ ਦੀ ਸਪਲਾਈ ਬੰਦ ਕਰ ਦੇਣ ਕਾਰਨ ਪੂਰੇ ਪੰਜਾਬ ਵਿੱਚ ਆਕਸੀਜ਼ਨ ਦੀ ਘਾਟ ਪਾਈ ਜਾ ਰਹੀ ਹੈ। ਪਰ ਆਲਮ ਇਹ ਹੈ ਕਿ ਬਠਿੰਡਾ ਦੇ ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਆਕਸੀਜ਼ਨ ਲੈਣ ਲਈ ਤੜਪ ਰਹੇ ਹਨ, ਪਰ ਬਠਿੰਡਾ ਦੇ ਹੀ ਗੁਰੂ ਨਾਨਕ ਥਰਮਲ ਪਲਾਂਟ ਨੂੰ ਤੋੜਨ ਲਈ ਹਰ ਰੋਜ਼ 400 ਆਕਸੀਜ਼ਨ ਸਿਲੰਡਰ ਵਰਤੇ ਜਾ ਰਹੇ ਹਨ।

ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਇਸ ਸਮੇਂ ਆਕਸੀਜ਼ਨ ਗੈਸ ਵਰਤੋਂ ਕਰਕੇ ਥਰਮਲ ਪਲਾਂਟ ਤੋੜਨ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਕੋਵਿਡ ਮਰੀਜ਼ਾਂ ਦੀ ਜਾਨ ਬਚਾੳਣਾ? ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਬਠਿੰਡਾ ਸਮੇਤ ਸੂਬੇ ਭਰ 'ਚ ਆਕਸੀਜ਼ਨ ਦੀ ਹੋਰ ਕੰਮਾਂ ਲਈ ਕੀਤੀ ਜਾ ਰਹੀ ਵਰਤੋਂ ਬੰਦ ਕੀਤੀ ਜਾਵੇ ਅਤੇ ਹਸਪਤਾਲਾਂ ਲਈ ਆਕਸੀਜ਼ਨ ਦੀ ਪੂਰਤੀ ਲਾਜ਼ਮੀ ਕੀਤੀ ਜਾਵੇ।