ਸ਼ਹੀਦ ਸਿੱਖ ਨੌਜਵਾਨਾਂ ਦੇ ਮਾਪਿਆਂ ਦਾ ਦਰਦ, ਹੁਣ ਨਹੀਂ ਰਹੀ ਇਨਸਾਫ਼ ਮਿਲਣ ਦੀ ਆਸ!
ਬੇਅਦਬੀ ਕਾਂਡ ਦੇ 6 ਸਾਲ, ਏਜੰਸੀਆਂ ਤੇ ਤਿੰਨ ਕਮਿਸ਼ਨ ਪਰ ਦੋਸ਼ੀ ਕੋਈ ਨਹੀਂ
ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ ’ਤੇ ਬੈਠੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਅੱਜ ਇਨਸਾਫ਼ ਮਿਲਣ ਦੀ ਬਿਲਕੁਲ ਵੀ ਆਸ ਨਹੀਂ ਬਚੀ। ਫ਼ਰਕ ਸਿਰਫ ਏਨਾ ਹੈ ਕਿ ਹੁਣ ਉਨ੍ਹਾਂ ਨੂੰ ਭਰੋਸਾ ਸਰਕਾਰ ਜਾਂ ਅਦਾਲਤਾਂ ’ਤੇ ਨਹੀਂ ਬਲਕਿ ਵਾਹਿਗੁਰੂ ਉਪਰ ਹੀ ਹੈ।
ਇਸ ਲਈ ਦੋਨੋਂ ਪੀੜਤ ਪਰਵਾਰ ਇਨਸਾਫ਼ ਦੀ ਲੜਾਈ ਹੁਣ ਖੁਦ ਪ੍ਰਮਾਤਮਾ ਨੂੰ ਅਰਜ਼ੋਈ ਕਰ ਕੇ ਲੜ ਰਹੇ ਹਨ। ਪੀੜਤ ਪਰਵਾਰਾਂ ਦਾ ਦੋਸ਼ ਹੈ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸਤਦਾਨਾਂ ਨੇ ਹੁਣ ਉਨ੍ਹਾਂ ਦਾ ਫ਼ੋਨ ਹੀ ਸੁਨਣਾ ਬੰਦ ਕਰ ਦਿਤਾ ਹੈ, ਫਿਰ ਭਰੋਸਾ ਕਿਸ ’ਤੇ ਕਰੀਏ? ਕਿਉਂਕਿ ਹਾਈਕੋਰਟ ਦੇ ਫ਼ੈਸਲੇ ਨਾਲ ਸਾਡੇ ਜਖ਼ਮ ਫਿਰ ਹਰੇ ਹੋ ਗਏ ਹਨ ਅਤੇ ਸਿਅਸਤਦਾਨਾਂ ਦੀ ਇਕ ਦੂਜੇ ਵਿਰੁਧ ਦੂਸ਼ਣਬਾਜ਼ੀ ਵਾਲੀਆਂ ਖ਼ਬਰਾਂ ਉਨ੍ਹਾਂ ਦੇ ਜਖ਼ਮਾਂ ’ਤੇ ਨਮਕ ਛਿੜਕਣ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਬੇਅਦਬੀ ਕਾਂਡ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ।
ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਕੀਤੀ ਫ਼ਾਇਰਿੰਗ ਦੌਰਾਨ ਪਿੰਡ ਨਿਆਮੀਵਾਲਾ ਦੇ ਕਿਸ਼ਨ ਭਗਵਾਨ ਸਿੰਘ ਅਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਬਿੱਟੂ ਦੀ ਮੌਤ ਹੋ ਗਈ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਪੁਲਿਸ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਉੱਪਰ ਗੋਲੀਆਂ ਚਲਾ ਦਿਤੀਆਂ। ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੇ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਅਨੁਸਾਰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਿਆਸਤਦਾਨਾਂ ਨੇ ਉਨ੍ਹਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਬਜਾਏ ਉਲਟਾ ਸਿਆਸੀ ਰੋਟੀਆਂ ਸੇਕੀਆਂ, ਚੋਣਾਂ ਲੰਘਦਿਆਂ ਹੀ ਉਨ੍ਹਾਂ ਦਾ ਦਰਦ ਭੁੱਲ ਗਏ। ਉਨ੍ਹਾਂ ਦਸਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪ੍ਰਤਾਪ ਸਿੰਘ ਬਾਜਵਾ, ਭਗਵੰਤ ਮਾਨ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਜਲਦ ਇਨਸਾਫ਼ ਦਿਵਾਉਣ ਦੇ ਵਾਅਦੇ ਕੀਤੇ ਸਨ।
ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੀਆਂ ਘਟਨਾਵਾਂ ਨੂੰ ਅੱਜ ਲਗਭਗ ਸਾਢੇ 5 ਸਾਲ ਹੋ ਗਏ ਹਨ। ਇਸ ਦੌਰਾਨ 3 ਜਾਂਚ ਏਜੰਸੀਆਂ, 3 ਕਮਿਸ਼ਨਾਂ ਵਲੋਂ 400 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਲੈਣ ਦੇ ਬਾਵਜੂਦ ਦੋਸ਼ੀ ਕੌਣ ਦਾ ਜਵਾਬ ਨਹੀਂ ਦਿਤਾ ਜਾ ਸਕਿਆ। ਘਟਨਾਕ੍ਰਮ ਮੌਕੇ ਲਗਾਤਾਰ ਡੇਢ ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਐਸ.ਆਈ.ਟੀ., ਸੀ.ਬੀ.ਆਈ. ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਜਾਂਚ ਕੀਤੀ ਪਰ ਕੋਈ ਦੋਸ਼ੀ ਸਾਹਮਣੇ ਨਾ ਲਿਆ ਸਕੇ।
ਮਿਤੀ 12 ਅਕਤੂਬਰ 2015 ਨੂੰ ਬਰਗਾੜੀ ’ਚ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਪੰਜਾਬ ਭਰ ’ਚ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤੇ, 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਚਲਾਈ ਗੋਲੀ ਨਾਲ ਦੇਸ਼-ਵਿਦੇਸ਼ ’ਚ ਰੋਸ ਫੈਲਣਾ ਸੁਭਾਵਿਕ ਸੀ, ਬਹਿਬਲ ਵਿਖੇ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਬਹਿਬਲ ਸਮੇਤ ਬੱਤੀਆਂ ਵਾਲਾ ਚੌਕ ਕੋਟਕਪੂਰਾ ’ਚ ਵੀ ਪੁਲਸੀਆ ਅੱਤਿਆਚਾਰ ਨਾਲ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ। ਥਾਣਾ ਬਾਜਾਖਾਨਾ ਵਿਖੇ ਉਕਤ ਘਟਨਾਕ੍ਰਮ ਨਾਲ ਸਬੰਧਤ ਤਿੰਨ ਵੱਖ-ਵੱਖ ਮਾਮਲੇ ਅਣਪਛਾਤਿਆਂ ਵਿਰੁਧ ਹੋਏ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਦਿਆਂ ਸਮੇਂ ਦੀ ਸਰਕਾਰ ਨੇ ਚੌਥਾ ਮਾਮਲਾ ਵੀ ਅਣਪਛਾਤੀ ਪੁਲਿਸ ਵਿਰੁਧ ਦਰਜ ਕਰ ਦਿਤਾ।