ਬਲਦੇਵ ਸਿੰਘ ਸਿਰਸਾ ਨੇ ਪੰਥਕ ਹਾਲਾਤਾਂ ਬਾਰੇ ਜਾਗੋ ਪੱਤਰ ਜਾਰੀ ਕਰਨ ਵਾਲੇ ਗਰੇਵਾਲ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰੇਵਾਲ ਸਾਹਿਬ ਤੁਸੀਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਸਾਹਿਬ ਅੱਜ ਤੱਕ ਚੁੱਪ ਕਿਉਂ ?

Baldev Sirsa

 

ਅੰਮ੍ਰਿਤਸਰ - ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਆਗੂ ਗੁਰਚਰਨ ਸਿੰਘ ਗਰੇਵਾਲ ਨੂੰ ਲੰਮੇ ਹੱਥੀਂ ਲਿਆ। ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿਚ ਸਿਰਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮਈ 2022 ਨੂੰ ਕੀਤੇ ਜਾ ਰਹੇ ਪੰਥਕ ਇਕੱਠ ਲਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸੰਗਤ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਜਿਸ ਵਿਚ ਗਰੇਵਾਲ ਨੇ ਸਿੱਖ ਕੌਮ ਨੂੰ ਸਵਾਲ ਕੀਤੇ ਹਨ ਕਿ ਗੁਰੂ ਪਿਆਰੇ ਖ਼ਾਲਸਾ ਜੀ ਜਿਸ ਦਾ ਦਿੱਤਾ ਖਾਂਦੇ ਹਾਂ ਜਿਸ ਗੁਰੂ ਅੱਗੇ ਮੱਥਾ ਟੇਕਦੇ ਹਾਂ ਆਪਣੀ ਆਸਥਾ ਮੰਨਦੇ ਹਾਂ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਸਤਿਕਾਰ ਕਰਦੇ ਹਾਂ ਉਸ 'ਚ ਟੀਕਾ ਟਿੱਪਣੀ ਬਦਲਾਅ ਨੂੰ ਕੀ ਅਸੀਂ ਬਰਦਾਸ਼ਤ ਕਰ ਸਕਦੇ ਹਾਂ?  ਉਸ ਵਿਚ ਗਰੇਵਾਲ ਵੱਲੋਂ ਕੌਮ ਨੂੰ ਹੋਰ ਵੀ ਇਸ ਤਰ੍ਹਾਂ ਦੇ ਬੜੇ ਸਵਾਲ ਕੀਤੇ ਗਏ ਹਨ। 

ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਚਰਨ ਸਿੰਘ ਗਰੇਵਾਲ ਦੀ ਇਹ ਗੱਲ ਤਾਂ ਠੀਕ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ? ਸਿਰਸਾ ਨੇ ਕਿਹਾ ਕਿ ਜਿਹੜੇ ਲੋਕ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰਬਾਣੀ ਦੀਆਂ ਲਗਾਂ ਮਾਤਰਾਵਾਂ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਲਿਖ ਰਹੇ ਹਨ  ਇਸ ਦਾ ਅਸਲ ਦੋਸ਼ੀ ਕੌਣ ਹੈ? ਇਹ ਵੀ ਜਾਣਨਾ ਜ਼ਰੂਰੀ ਹੈ। 

 

ਸਿਰਸਾ ਨੇ ਗਰੇਵਾਲ ਨੂੰ ਸਵਾਲ ਕਰਦਿਆਂ ਇਹ ਗੱਲ ਆਖੀ ਕਿ ਲੋਕਾਂ ਨੂੰ ਜਗਾਉਣ ਤੋਂ ਪਹਿਲਾਂ ਆਪ ਖ਼ੁਦ ਜਾਗੋ ਅਤੇ ਆਪਣੇ ਆਕਾ ਪ੍ਰਕਾਸ਼ ਸਿੰਘ ਬਾਦਲ ਆਦਿ ਨੂੰ ਵੀ ਜਗਾਵੋ।  ਜਿਹਨਾਂ ਦੇ ਰਾਜ ਭਾਗ ਦੌਰਾਨ ਪੰਥਕ ਸਿਧਾਂਤਾਂ, ਸ੍ਰੀ ਅਕਾਲ ਤਖ਼ਤ ਦੀ ਮਾਣ ਮਰਯਾਦਾ ਦਾ ਘਾਣ ਕਰਨ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਦੋਸ਼ੀਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਿੱਖਾਂ ਉੱਪਰ ਗੋਲੀਆਂ ਚਲਵਾਈਆਂ ਸਨ।    ਸਿਰਸਾ ਨੇ ਗਰੇਵਾਲ ਨੂੰ ਸਵਾਲ ਪੁੱਛਿਆ ਕਿ ਇਹ ਦੱਸੋ 1997 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ +2 ਦੀ ਇਤਿਹਾਸ ਦੀ ਹਿਸਟਰੀ ਆਫ ਪੰਜਾਬ ਦੇ ਵਿਚ ਗੁਰੂ ਸਾਹਿਬਾਨ ਅਤੇ ਕੌਮੀ ਸਿੱਖ ਯੋਧਿਆਂ ਬਾਰੇ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੇ ਨਾਂ ਤੇ ਜੋ 1999 ਵਿੱਚ ਹਿੰਦੀ ਭਾਸ਼ਾ ਵਿਚ ਕਿਤਾਬ ਛਾਪੀ ਗਈ ਸੀ ਦੇ ਵਿਚ ਗੁਰੂ ਸਾਹਿਬਾਨ ਦੇ ਬਾਰੇ ਅੱਤ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਇਸ ਉਪਰ ਗਰੇਵਾਲ ਸਾਹਿਬ ਤੁਸੀਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਸਾਹਿਬ ਅੱਜ ਤੱਕ ਚੁੱਪ ਕਿਉਂ ?