ਕੀੜੀ ਅਤੇ ਮਕੌੜਾ ਪੁਲਾਂ ਦੇ ਨਿਰਮਾਣ ਨਾਲ ਪਠਾਨਕੋਟ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਮਿਲੇਗੀ ਵੱਡੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਵੀ ਦਰਿਆ 'ਤੇ ਪੁਲ ਬਣਾਉਣ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਕੀੜੀ ਪਤਨ ਦਾ ਦੌਰਾ

Construction of Kiri and Makora bridges will bring great relief to the residents of Pathankot border area

ਪਠਾਨਕੋਟ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਮਿਲੇਗੀ ਵੱਡੀ ਰਾਹਤ, 90 ਕਰੋੜ ਦੀ ਲਾਗਤ ਨਾਲ ਬਣੇਗਾ ਕਰੀਬ 800 ਮੀਟਰ ਲੰਬਾ ਕੀੜੀ ਪੁਲ 
ਪਠਾਨਕੋਟ :
ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਭਾਰਤ-ਪਾਕਿ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਲਈ ਰਾਵੀ ਦਰਿਆ ’ਤੇ ਦੋ ਪੁਲਾਂ ਦੀ ਉਸਾਰੀ ਕਰ ਕੇ ਲੋਕਾਂ ਨੂੰ ਦੋ ਤੋਹਫੇ ਦਿੱਤੇ ਜਾ ਰਹੇ ਹਨ। ਪਹਿਲਾ ਪੁਲ ਕੀੜੀ ਤੋਂ ਨਰੋਟ ਜੈਮਲ ਸਿੰਘ ਤੱਕ ਅਤੇ ਦੂਜਾ ਪੁਲ ਮਕੌੜਾ ਫਾਲ ਵਿਖੇ ਬਣਾਇਆ ਜਾਵੇਗਾ।

ਇਹ ਜਾਣਕਾਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਬਣਨ ਵਾਲੇ ਦੋ ਪੁਲਾਂ ਦੀ ਉਸਾਰੀ ਵਾਲੀ ਥਾਂ ਦਾ ਨਿਰੀਖਣ ਕਰਦਿਆਂ ਦਿੱਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਰਾਵੀ ਦਰਿਆ ਦਾ ਦੌਰਾ ਕਰਕੇ ਇਲਾਕੇ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪੁਲਾਂ ਦੇ ਬਣਨ ਨਾਲ ਰਾਵੀ ਦਰਿਆ ਦੇ ਦੂਜੇ ਪਾਸੇ ਵਸਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਚਾਹੁੰਦੇ ਹਨ ਕਿ ਇਨ੍ਹਾਂ ਇਲਾਕਿਆਂ ਵਿੱਚ ਪੁਲਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਰਾਵੀ ਦਰਿਆ ਦੇ ਪਾਰ ਰਹਿੰਦੇ ਲੋਕਾਂ ਦਾ ਜੀਵਨ ਸੁਖਾਲਾ ਹੋ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਯਤਨ ਕਰ ਰਹੇ ਹਨ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਇਨ੍ਹਾਂ ਪੁਲਾਂ ਦੇ ਵਿਕਾਸ ਲਈ ਲੋਕਾਂ ਦਾ ਪੰਜਾਬ ਸਰਕਾਰ ਵਿੱਚ ਵਿਸ਼ਵਾਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀੜੀ ਪੁਲ 90 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਜੋ ਕਿ ਕਰੀਬ 800 ਮੀਟਰ ਹੋਵੇਗਾ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਾਕੇ ਨੂੰ ਦੋ ਪੁਲ ਭੇਟ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪੁਲਾਂ ਦੇ ਬਣਨ ਨਾਲ ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ ਅਤੇ ਜਲਦੀ ਹੀ ਇਨ੍ਹਾਂ ਪੁਲਾਂ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।