11 ਧਰਾਵਾਂ ਲਗਾ ਕੇ ਦਰਜ ਕੀਤੀ ਗਈ ਕੁਮਾਰ ਵਿਸ਼ਵਾਸ ਖ਼ਿਲਾਫ਼ FIR, ਪੜ੍ਹੋ ਵੇਰਵਾ
ਅਰਵਿੰਦ ਕੇਜਰੀਵਾਲ ਖ਼ਿਲਾਫ਼ ਝੂਠ ਬੋਲਣ ਦੇ ਲੱਗੇ ਦੋਸ਼
ਚੰਡੀਗੜ੍ਹ : ਕਵੀ ਕੁਮਾਰ ਵਿਸ਼ਵਾਸ ਲਗਾਤਾਰ ਵਿਵਾਦਾਂ ਦੇ ਘੇਰੇ ਵਿਚ ਹਨ। ਕੁਮਾਰ 'ਤੇ ਪੰਜਾਬ ਪੁਲਿਸ ਦਾ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਕੁਮਾਰ ਵਿਸ਼ਵਾਸ 'ਤੇ ਰੂਪਨਗਰ ਦੇ ਇੱਕ ਥਾਣੇ 'ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਐਫ.ਆਈ.ਆਰ. ਵਿਚ ਕੁੱਲ 11 ਧਾਰਾਵਾਂ ਲਗਾਈਆਂ ਗਈਆਂ ਹਨ ਜਿਸ ਵਿਚ 153 ,153 A, 505, 505 (2), 116, 143, 147, 323, 341, 120 B, 125 ਧਾਰਾਵਾਂ ਸ਼ਾਮਲ ਹਨ। ਸ਼ਿਕਾਇਤ ਕਰਤਾ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਕੁਮਾਰ ਵਿਸ਼ਵਾਸ ਨੇ 'ਆਪ' ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਜੋ ਕਿ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਵਲੋਂ ਗਲਤ ਪ੍ਰਾਪੋਗੰਡਾ ਤਹਿਤ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਠੇਸ ਪਹੁੰਚਾਉਣ ਲਈ ਲੋਕਾਂ ਵਿਚ ਗਲਤ ਪ੍ਰਚਾਰ ਕੀਤਾ ਗਿਆ ਹੈ।
ਅਜਿਹੀ ਬਿਆਨਬਾਜ਼ੀ ਨਾਲ ਉਨ੍ਹਾਂ ਨੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਦੋਂ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਤਾਂ ਉਨ੍ਹਾਂ ਵਲੋਂ ਇੱਕ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿਤੀ ਗਈ ਸੀ।
ਦੱਸ ਦੇਈਏ ਕਿ ਉਸ ਸਮੇਂ ਕੁਮਾਰ ਵਿਸ਼ਵਾਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿਤੀ ਸੀ ਕਿ ਜਿਨ੍ਹਾਂ ਨੂੰ ਮੈਂ ਪਾਰਟੀ ਵਿਚ ਲੈ ਕੇ ਆਇਆ ਸੀ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਦਿੱਲੀ ਵਿਚ ਬੈਠੇ ਜਿਸ ਸ਼ਖਸ ਨੂੰ ਪੰਜਾਬ ਦੇ ਲੋਕਾਂ ਵਲੋਂ ਦਿਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਵੀ ਧੋਖਾ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਮੇਰੀ ਇਹ ਚਿਤਾਵਨੀ ਪੂਰਾ ਦੇਸ਼ ਯਾਦ ਰੱਖੇ।
ਦੱਸ ਦੇਈਏ ਕਿ ਜੇਕਰ ਕੁਮਾਰ ਵਿਸ਼ਵਾਸ ਖ਼ਿਲਾਫ਼ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨੇ ਦੇ ਨਾਲ ਨਾਲ ਇੱਕ ਸਾਲ ਤੋਂ ਲੈ ਕੇ ਤਿੰਨ ਸਾਲ ਤੱਕ ਸਜ਼ਾ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦਸਣਾ ਬਣਦਾ ਹੈ ਕਿ ਕਾਂਗਰਸ ਆਗੂ ਅਲਕਾ ਲਾਂਬਾ ਦੇ ਘਰ ਵੀ ਪੰਜਾਬ ਪੁਲਿਸ ਨੇ ਪਹੁੰਚ ਕੀਤੀ ਸੀ ਅਤੇ ਉਨ੍ਹਾਂ ਦੇ ਘਰ ਬਾਹਰ ਇੱਕ ਨੋਟਿਸ ਵੀ ਲਗਾਇਆ ਗਿਆ ਸੀ।
ਉਧਰ ਵਿਰੋਧੀ ਪਾਰਟੀਆਂ ਵਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਬਿਆਨ ਦਿਤਾ ਸੀ ਕਿ ਅਲਕਾ ਲਾਂਬਾ 'ਤੇ ਦਰਜ ਹੋਈ ਐਫ.ਆਈ.ਆਰ. ਪੰਜਾਬ ਅਤੇ ਪੰਜਾਬੀਅਤ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵਿਰੋਧ ਹਰ ਹਲਕੇ ਅਤੇ ਜ਼ਿਲ੍ਹੇ ਵਿਚ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਐਫ.ਆਈ.ਆਰ. ਨੂੰ ਵਾਪਸ ਲਿਆ ਜਾਵੇ।
ਜਿਥੇ ਕਾਂਗਰਸ ਵਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਹੋਈ ਕਾਰਵਾਈ ਹੈ ਉਥੇ ਹੀ ਆਮ ਆਦਮੀ ਪਾਰਟੀ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਹੈ ਸਗੋਂ ਉਹ ਪੂਰੀ ਆਜ਼ਾਦੀ ਨਾਲ ਕੰਮ ਕਰ ਰਹੇ ਹਨ।