ਕੰਡੇ ਨਾਲ ਤੋਲ-ਤੋਲ ਕੇ ਵੇਚਿਆ ਜਾ ਰਿਹਾ ਸੀ ਨਸ਼ਾ, ਮੌਕੇ 'ਤੇ ਪਹੁੰਚੀ ਪੁਲਿਸ ਨੇ ਕੀਤੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਡੇ ਸਣੇ ਨਸ਼ਾ ਬਰਾਮਦ, ਘਰੋਂ ਫਰਾਰ ਹੋਏ ਨਸ਼ੇ ਦੇ ਵਪਾਰੀ

Heroin recovered from Krishna Nagar, Amritsar

ਅੰਮ੍ਰਿਤਸਰ : ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਨਹੀਂ ਪੈ ਰਹੀ ਹੈ। ਤਾਜ਼ਾ ਮਾਮਲਾ ਛੇਹਰਟਾ ਦਾ ਹੈ ਜਿਥੋਂ ਪੁਲਿਸ ਨੇ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਕ੍ਰਿਸ਼ਨਾ ਨਗਰ ਵਿਚ ਸ਼ਰ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਸੀ ਜਿਥੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਨਸ਼ਾ ਬਰਾਮਦ ਕੀਤਾ ਹੈ।

ਇੰਨਾ ਹੀ ਨਹੀਂ ਨਸ਼ਾ ਤੋਲਣ ਲਈ ਰੱਖਿਆ ਹੋਇਆ ਕੰਡਾ ਵੀ ਬਰਾਮਦ ਕੀਤਾ ਗਿਆ ਹੈ। ਕਾਫੀ ਸਮੇਂ ਤੋਂ ਇਸ ਖ਼ਿਲਾਫ਼ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਇਲਾਕਾ ਵਾਸੀਆਂ ਵਿਚ ਰੋਸ ਵੀ ਪਾਇਆ ਜਾ ਰਿਹਾ ਸੀ ਪਰ ਅੱਜ ਪੁਲਿਸ ਨੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮੌਕੇ ਤੋਂ ਹੈਰੋਇਨ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ ਪਰ ਕਿਸੇ ਦੀ ਵੀ ਗ੍ਰਿਫਤਾਰੀ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਉਕਤ ਘਰ ਵਾਲੇ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਕੁਝ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਸ਼ੇ ਦੇ ਸੌਦਾਗਰ ਆਏ ਦਿਨ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਅੱਜ ਪੁਲਿਸ ਵਲੋਂ ਕੀਤੀ ਕਾਰਵਾਈ ਤੋਂ ਬਾਅਦ ਲੋਕਾਂ ਨੇ ਗਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਵਿਚ ਨਸ਼ਾ ਇਸ ਕਦਰ ਵੱਧ ਗਿਆ ਹੈ ਕਿ ਨਸ਼ਾ ਵੇਚਣ ਵਾਲੇ ਲੁੱਟਾਂ ਖੋਹਾਂ ਵੀ ਕਰਦੇ ਹਨ ਅਤੇ ਔਰਤਾਂ ਦਾ ਘਰਾਂ ਤੋਂ ਨਿਕਲਣਾ ਵੀ ਮੁਸ਼ਕਲ ਹੋਇਆ ਹੈ।

ਉਨ੍ਹਾਂ ਵਲੋਂ ਕਈ ਵਾਰ ਅਜਿਹੀਆਂ ਨਸ਼ੇ ਦੀਆਂ ਘਟਨਾਵਾਂ ਖ਼ਿਲਾਫ਼ ਸ਼ਿਕਾਇਤਾਂ ਦਿਤੀਆਂ ਗਈਆਂ ਹਨ ਅਤੇ ਉਹ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿਚੋਂ ਨਸ਼ੇ ਦਾ ਕਾਰੋਬਾਰ ਬੰਦ ਕਰਵਾਇਆ ਜਾਵੇ। 

ਇਸ ਸੰਬਧੀ ਐਸ.ਐਚ.ਓ. ਗੁਰਬਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਲਾਕੇ ਵਿਚ ਨਸ਼ੇ ਦਾ ਬੋਲਬਾਲਾ ਹੈ ਜਿਸਦੇ ਚਲਦੇ ਅੱਜ ਅਸੀ ਮੌਕੇ 'ਤੇ ਰੇਡ ਕਰ ਕੇ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੌਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ ਪਰ ਪੁਲਿਸ ਵਲੋਂ ਪੂਰੀ ਮੁਸਤੇਦੀ ਨਾਲ ਕੰਮ ਕਰਦਿਆਂ ਨਸ਼ਿਆਂ 'ਤੇ ਨਕੇਲ ਕੱਸੀ ਜਾ ਰਹੀ ਹੈ।