ਮੁੰਡੇ ਨੇ ਮੰਗੇਤਰ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਮੁੰਡੇ ਨੇ ਮੰਗੇਤਰ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਸਮਰਾਲਾ (ਰਾਜੂ) : ਸਮਰਾਲਾ ਦੇ ਪਿੰਡ ਕੋਟਲਾ ਵਿਖੇ ਇਕ ਨੌਜਵਾਨ ਵਲੋਂ ਪਹਿਲਾਂ ਅਪਣੀ ਮੰਗੇਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਦੋਵੇਂ ਮਿ੍ਤਕ ਮੂਲ ਰੂਪ 'ਚ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ | ਜਾਣਕਾਰੀ ਮੁਤਾਬਕ ਮੰਗੇਤਰ ਨੂੰ ਗੋਲੀ ਮਾਰਨ ਲਈ ਨੌਜਵਾਨ ਉਤਰ ਪ੍ਰਦੇਸ਼ ਤੋਂ ਸਮਰਾਲਾ ਦੇ ਪਿੰਡ ਕੋਟਲਾ ਆਇਆ ਸੀ |
ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਮਿ੍ਤਕ ਕੁੜੀ ਦੇ ਪਿਤਾ ਓਮ ਸਿੰਘ ਅਤੇ ਮਾਤਾ ਕੁਸਮ ਲਤਾ ਨੇ ਦਸਿਆ ਕਿ ਉਨ੍ਹਾਂ ਦਾ ਪਰਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ | ਉਨ੍ਹਾਂ ਨੇ ਅਪਣੀ ਧੀ ਮਨੀਸ਼ਾ ਦੀ ਮੰਗਣੀ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਰਹਿੰਦੇ ਸੰਨੀ ਕੁਮਾਰ ਨਾਲ ਕੀਤੀ ਸੀ | ਅੱਜ ਅਚਾਨਕ ਸੰਨੀ ਕੁਮਾਰ ਭੱਠੇ ਉਪਰ ਕੁਆਰਟਰ 'ਚ ਆਇਆ ਤਾਂ ਕੁੜੀ ਦਾ ਪਿਤਾ ਕੋਲਡ ਡਰਿੰਕ ਲੈਣ ਚਲਾ ਗਿਆ |
ਬਾਅਦ 'ਚ ਸੰਨੀ ਨੇ ਕੁੜੀ ਦੀ ਮਾਤਾ ਕੁਸਮ ਨੂੰ ਕਿਹਾ ਕਿ ਉਸ ਨੇ ਅਪਣੀ ਮੰਗੇਤਰ ਨਾਲ ਕੋਈ ਗੱਲ ਕਰਨੀ ਹੈ | ਕੁੜੀ ਦੀ ਮਾਤਾ ਕੁਆਰਟਰ 'ਚੋਂ ਬਾਹਰ ਨਿਕਲ ਆਈ ਤਾਂ ਇਸ ਮਗਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿਤੀ | ਸੰਨੀ ਨੇ ਮਨੀਸ਼ਾ ਦੇ ਸਿਰ 'ਚ ਗੋਲੀ ਮਾਰੀ ਅਤੇ ਇਸ ਮਗਰੋਂ ਭੱਜ ਗਿਆ | ਜਦੋਂ ਭੱਠੇ ਉਪਰ ਰਹਿੰਦੇ ਹੋਰ ਲੋਕ ਉਸ ਦਾ ਪਿੱਛਾ ਕਰਨ ਲੱਗੇ ਤਾਂ ਸੰਨੀ ਭਜਦਾ ਹੋਇਆ ਫਾਇਰਿੰਗ ਕਰਨ ਲੱਗਾ ਅਤੇ ਥੋੜੀ ਦੂਰੀ 'ਤੇ ਜਾ ਕੇ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ |
ਮੌਕੇ 'ਤੇ ਪੁੱਜੇ ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੁੜੀ ਦੇ ਪਿਤਾ ਓਮ ਸਿੰਘ ਦੇ ਬਿਆਨ ਦਰਜ ਕਰ ਲਏ ਹਨ | ਦੋਵੇਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ | ਡੀ.ਐਸ.ਪੀ. ਨੇ ਦਸਿਆ ਕਿ ਸੰਨੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੇਸੀ ਕੱਟਾ ਉੱਤਰ ਪ੍ਰਦੇਸ਼ ਤੋਂ ਲਿਆਇਆ ਸੀ | ਉਸ ਦੀ ਜੇਬ 'ਚੋਂ ਦੋ ਜ਼ਿੰਦਾ ਕਾਰਤੂਸ ਵੀ ਮਿਲੇ ਹਨ |