ਅੰਮ੍ਰਿਤਪਾਲ ਨੇ ਵਿਦੇਸ਼ਾਂ ਦੇ ਫੰਡਾਂ 'ਤੇ ਐਸ਼ ਕੀਤੀ, ਜਦੋਂ ਮਾੜੀ ਜਿਹੀ ਭੀੜ ਪਈ, ਉਦੋਂ ਖੁੱਡ 'ਚ ਲੁੱਕ ਗਿਆ- ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਇਹ ਲੋਕ ਤਾਂ ਬਹਿਰੂਪੀਏ ਹਨ। ਸਿੱਖ ਕਦੇ ਬਹਿਰੂਪੀਆ ਨਹੀਂ ਹੋ ਸਕਦਾ'

Ravneet Bittu

 

ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਜਿਹੜੇ ਲੋਕ ਸਿੱਖਾਂ ਨੂੰ ਗੁਲਾਮ ਕਹਿ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ, ਅੱਜ ਜਦੋਂ ਉਸ ਦੀ ਪਤਨੀ ਨੂੰ ਹੀ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ ਤਾਂ ਅੰਮ੍ਰਿਤਪਾਲ ਚੂਹੇ ਵਾਂਗ ਮੋਰੀ ਵਿੱਚੋਂ ਬਾਹਰ ਆ ਗਿਆ ਹੈ। ਜੋ ਸਿੱਖ ਨੌਜਵਾਨ ਉਨ੍ਹਾਂ ਦੇ ਭਾਸ਼ਣਾਂ ਤੋਂ ਗੁੰਮਰਾਹ ਹੋ ਕੇ ਗਲਤ ਰਸਤੇ 'ਤੇ ਚੱਲਦੇ ਹਨ, ਉਹ ਦੇਖਣ ਕਿ ਕੀ ਇਹ ਲੋਕ ਤੁਹਾਡੇ ਆਗੂ ਹੋ ਸਕਦੇ ਹਨ।

ਉਹਨਾਂ ਕਿਹਾ ਕਿ ਇਹ ਲੋਕ ਤਾਂ ਬਹਿਰੂਪੀਏ ਹਨ। ਸਿੱਖ ਕਦੇ ਬਹਿਰੂਪੀਆ ਨਹੀਂ ਹੋ ਸਕਦਾ। ਸਿੱਖ ਉਹ ਹਨ ਜਿਹੜੇ ਕੱਲ੍ਹ ਸ਼ਹੀਦ ਹੋ ਕੇ ਆਏ ਹਨ। ਜੋ ਲੋਕ ਅੰਮ੍ਰਿਤਪਾਲ ਦੇ ਪਿੱਛੇ ਲੱਗੇ ਹਨ। ਉਹਨਾਂ ਨੂੰ ਇਹ ਫਰਕ ਸਮਝਣਾ ਪੈਣਾ ਹੈ। ਬਿੱਟੂ ਨੇ ਨੌਜਵਾਨਾਂ ਨੂੰ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕ ਖਾਲਸੇ ਦੀ ਗੱਲ ਕਰਦੇ ਹਨ। ਗੁਰੂਆਂ ਦੀ ਗੱਲ ਕਰੀਏ, ਗੁਰੂਆਂ ਨੇ ਜਾਨਾਂ ਤੇ ਪਰਿਵਾਰ ਵਾਰ ਦਿੱਤੇ ਸਨ।

ਜਰਨੈਲ ਸਿੰਘ ਭਿੰਡਰਾਂਵਾਲਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੀ ਜਾਨ  ਵਾਰ ਦਿੱਤੀ ਸੀ, ਅੰਮ੍ਰਿਤਪਾਲ ਵਾਂਗੂ ਨਹੀਂ ਜੋ ਗ੍ਰਿਫਤਾਰੀ ਤੋਂ ਬਚਣ ਲਈ ਛੁਪ ਗਿਆ। ਜਦੋਂ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਨੇ ਇਕ ਵਾਰ ਵੀ ਆਵਾਜ਼ ਨਹੀਂ ਉਠਾਈ ਪਰ ਦੋ ਦਿਨ ਪਹਿਲਾਂ ਜਦੋਂ ਉਸ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਤਾਂ ਉਹ ਅੱਜ ਬਾਹਰ ਆ ਗਿਆ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਵਿਆਹ ਕਰਵਾ ਲਿਆ। ਵਿਦੇਸ਼ਾਂ ਦੇ ਫੰਡਾਂ 'ਤੇ ਐਸ਼ ਕਰ ਲਈ। ਜਦੋਂ ਮਾੜੀ ਜੀ ਭੀੜ ਪਈ। ਉਦੋਂ ਖੁੱਡ 'ਚ ਲੁੱਕ ਗਿਆ। ਦੱਸੋ ਇਹ ਸਿੱਖ ਹੋ ਸਕਦਾ?