Mohali News: ਮੋਹਾਲੀ ਦੀ ਰੀਆ ਨੇ ਯੂ.ਪੀ.ਐਸ.ਸੀ ’ਚ 89ਵਾਂ ਰੈਂਕ ਕੀਤਾ ਹਾਸਲ
2017 ’ਚ ਪਿਤਾ ਨੂੰ ਗੁਆਇਆ ਸੀ, ਅੱਜ ਮੇਰੇ ਪਿਤਾ ਦਾ ਸੁਪਨਾ ਪੂਰਾ ਹੋ ਗਿਆ : ਰੀਆ
Mohali News: ਮੋਹਾਲੀ ਦੀ ਧੀ ਰੀਆ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸਰਵਿਸਿਜ਼ ਪ੍ਰੀਖਿਆ 2024 ਵਿੱਚ ਦੇਸ਼ ਭਰ ਵਿਚ 89ਵਾਂ ਰੈਂਕ ਪ੍ਰਾਪਤ ਕਰ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪਰ ਇਸ ਪ੍ਰਾਪਤੀ ਦੀ ਖ਼ੁਸ਼ੀ ਉਸ ਲਈ ਅਧੂਰੀ ਹੈ ਕਿਉਂਕਿ ਜਿਸ ਵਿਅਕਤੀ ਨਾਲ ਉਹ ਪਹਿਲਾਂ ਆਪਣੀ ਸਫ਼ਲਤਾ ਸਾਂਝੀ ਕਰਨਾ ਚਾਹੁੰਦੀ ਸੀ।
ਉਸਦਾ ਪਿਤਾ ਹੁਣ ਇਸ ਦੁਨੀਆਂ ਵਿਚ ਨਹੀਂ ਹੈ।
ਉਸ ਨੇ ਦਸਿਆ ਕਿ ਉਸ ਨੇ ਇਹ ਟੀਚਾ ਚੌਥੀ ਵਾਰ ਪ੍ਰੀਖਿਆ ਦੇਣ ਤੋਂ ਬਾਅਦ ਹਾਸਲ ਕੀਤਾ ਹੈ। ਉਸ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਸਾਲ 2020 ਵਿਚ ਪ੍ਰੀਖਿਆ ਦਿਤੀ ਸੀ ਪਰ ਉਹ ਸਫ਼ਲ ਨਹੀਂ ਹੋ ਸਕੀ। ਰੀਆ ਨੇ ਦਸਿਆ ਕਿ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਤੋਂ ਉਸ ਨੇ ਦਸਵੀਂ ਤਕ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਬਾਰ੍ਹਵੀਂ ਦੀ ਪੜ੍ਹਾਈ ਸੈਕਟਰ-26 ਸੇਂਟ ਕਬੀਰ ਸਕੂਲ ਤੋਂ ਕੀਤੀ।
ਉਸ ਨੇ ਪੜ੍ਹਾਈ ਅਪਣੀ ਜਾਰੀ ਰੱਖੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਐਮਏ ਕਰ ਕੇ ਆਪਣਾ ਯੂਪੀਐਸਸੀ ਦਾ ਇਮਤਿਹਾਨ ਦਿਤਾ। ਉਸ ਨੇ ਦਸਿਆ ਕਿ ਯੂਪੀਐਸਸੀ ਵਿੱਚ ਉਸ ਦਾ ਕੋਰ ਵਿਸ਼ਾ ਸਸ਼ੋਲੋਜੀ ਰਿਹਾ। ਰੀਆ ਦੀ ਮਾਤਾ ਅਪਣੀ ਹੀ ਫ਼ੈਕਟਰੀ ਵਿਚ ਅਕਾਊਂਟਸ ਦਾ ਕੰਮ ਕਰਦੀ ਹੈ ਜਦਕਿ ਉਸ ਦਾ ਇਕ ਭਰਾ ਫ਼ੈਕਟਰੀ ਚਲਾਉਂਦਾ ਹੈ। ਉਸ ਨੇ ਦਸਿਆ ਕਿ ਰੋਜ਼ਾਨਾ 12 ਘੰਟੇ ਪੜ੍ਹਾਈ ਕਰਦੀ ਸੀ।
ਰੀਆ ਨੇ ਕਿਹਾ, ‘‘2017 ਵਿਚ ਮੈਂ ਅਪਣੇ ਪਿਤਾ ਨੂੰ ਗੁਆ ਦਿਤਾ ਹੈ। ਉਹ ਮੇਰੀ ਸੱਭ ਤੋਂ ਵੱਡੀ ਪ੍ਰੇਰਨਾ ਸਨ। ਇਹ ਇਕ ਵੱਡੀ ਪ੍ਰਾਪਤੀ ਹੈ, ਪਰ ਇਹ ਉਨ੍ਹਾਂ ਤੋਂ ਬਿਨਾਂ ਅਧੂਰੀ ਮਹਿਸੂਸ ਹੁੰਦੀ ਹੈ। ਮੈਂ ਇਸ ਸਫਲਤਾ ਦਾ ਪੂਰਾ ਸਿਹਰਾ ਪਹਿਲਾਂ ਆਪਣੇ ਪਿਤਾ ਅਤੇ ਫਿਰ ਆਪਣੀ ਮਾਂ ਨੂੰ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਹਰ ਕਦਮ ’ਤੇ ਮੇਰਾ ਸਾਥ ਦਿੱਤਾ।’’
ਰੀਆ ਨੇ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ਤੋਂ ਪੂਰੀ ਦੂਰੀ ਬਣਾਈ ਰੱਖੀ ਸੀ। ‘ਮੈਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਨਹੀਂ ਹਾਂ। ਮੇਰਾ ਮੋਬਾਈਲ ਵੀ ਕਾਲੇ ਅਤੇ ਚਿੱਟੇ ਰੰਗ ਵਿਚ ਹੈ ਤਾਂ ਜੋ ਧਿਆਨ ਭਟਕਣ ਤੋਂ ਬਚਿਆ ਜਾ ਸਕੇ।’’ ਧਿਆਨ ਕੇਂਦਰਿਤ ਰੱਖਣਾ ਸਭ ਤੋਂ ਮਹੱਤਵਪੂਰਨ ਚੀਜ਼ ਹੈ।’’
ਰੀਆ ਨੇ ਸਿਰਫ਼ ਔਨਲਾਈਨ ਪਲੇਟਫਾਰਮਾਂ ਰਾਹੀਂ ਪੜ੍ਹਾਈ ਕੀਤੀ, ਅਤੇ ਕਿਹਾ ਕਿ ਅੱਜਕੱਲ੍ਹ ਬਹੁਤ ਸਾਰੀਆਂ ਚੰਗੀਆਂ ਵੈੱਬਸਾਈਟਾਂ ਤੋਂ ਗੁਣਵੱਤਾ ਵਾਲੀ ਕੋਚਿੰਗ ਸਮੱਗਰੀ ਉਪਲਬਧ ਹੈ। "ਇਹ ਜ਼ਰੂਰੀ ਨਹੀਂ ਕਿ ਹਰ ਕੋਈ ਕੋਚਿੰਗ ਲਈ ਦਿੱਲੀ ਜਾਵੇ। ਇੰਟਰਨੈੱਟ ਦੀ ਸਹੀ ਵਰਤੋਂ ਕਰਕੇ ਕੋਈ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ।"
ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ, ਉਸਨੇ ਕਿਹਾ, "ਅੱਜ ਭਾਰਤ ਇੱਕ ਅਜਿਹੇ ਪੜਾਅ ’ਤੇ ਹੈ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਵੱਡੇ ਪੱਧਰ ’ਤੇ ਬਦਲਾਅ ਲਿਆ ਸਕਦੀ ਹੈ। ਮੈਂ ਇੱਕ ਅਜਿਹਾ ਖੇਤਰ ਪ੍ਰਾਪਤ ਕਰਨਾ ਚਾਹੁੰਦੀ ਹਾਂ ਜਿੱਥੇ ਮੈਂ ਸਮਾਜ ਵਿੱਚ ਅਸਲ ਬਦਲਾਅ ਲਿਆ ਸਕਾਂ।"