ਸਿੱਧੂ ਮੂਸੇਵਾਲਾ ਕਤਲ ਮਾਮਲਾ: ਮਾਨਸਾ ਅਦਾਲਤ ਨੇ ਗੈਂਗਸਟਰ ਦੀਪਕ ਟੀਨੂ ਨੂੰ ਲੈ ਕੇ ਸੁਣਾਇਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਖ਼ਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ 1 ਸਾਲ 11 ਮਹੀਨੇ ਸਜ਼ਾ ਤੇ 5000 ਜੁਰਮਾਨਾ

Sidhu Moosewala murder case: Mansa court pronounces verdict on gangster Deepak Tinu

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮਾਨਸਾ ਦੇ ਸੀ.ਆਈ.ਏ. ਸਟਾਫ਼ ’ਚੋਂ ਫ਼ਰਾਰ ਗੈਂਗਸਟਰ ਦੀਪਕ ਟੀਨੂ ਮਾਮਲੇ ਵਿਚ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਵਲੋਂ ਫ਼ੈਸਲਾ ਸੁਣਾਉਂਦੇ ਹੋਏ ਗੈਂਗਸਟਰ ਦੀਪਕ ਟੀਨੂ ਨੂੰ ਦੋ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਜੁਰਮਾਨਾ ਜਦੋਂਕਿ ਬਰਖ਼ਾਸਤ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ 1 ਸਾਲ 11 ਮਹੀਨੇ ਸਜ਼ਾ ਤੇ 5000 ਜੁਰਮਾਨਾ ਕੀਤਾ ਗਿਆ ਹੈ।

ਇਸ ਮਾਮਲੇ ਵਿਚ ਨਾਮਜ਼ਦ 8 ਹੋਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਦੀਪਕ ਟੀਨੂ ਮਾਨਸਾ ਦੇ ਸੀ.ਆਈ.ਏ. ਸਟਾਫ਼ ਵਿਚੋਂ 1 ਅਕਤੂਬਰ 2022 ਦੀ ਰਾਤ ਨੂੰ ਬਰਖ਼ਾਸਤ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਦੀ ਮਦਦ ਨਾਲ ਫ਼ਰਾਰ ਹੋ ਗਿਆ ਸੀ।  ਦੋ ਅਕਤੂਬਰ ਨੂੰ ਮਾਨਸਾ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ, ਜਿਸ ਤੋਂ ਕੁਝ ਮਹੀਨਿਆਂ ਬਾਅਦ ਰਾਜਸਥਾਨ ਤੋਂ ਦਿੱਲੀ ਦੀ ਕ੍ਰਾਈਮ ਬਰਾਂਚ ਟੀਮ ਵਲੋਂ ਗੈਂਗਸਟਰ ਦੀਪਕ ਟੀਨੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 ਇਸ ਮਾਮਲੇ ਵਿਚ ਦੀਪਕ ਟੀਨੂ ਦੀ ਫ਼ਰਾਰ ਹੋਣ ਵਿਚ ਮਦਦ ਕਰਨ ਵਾਲੀ ਮਹਿਲਾ ਮਿੱਤਰ ਜਤਿੰਦਰ ਕੌਰ ਜੋਤੀ ਸਮੇਤ 7 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚ ਕੁਲਦੀਪ ਕੋਹਲੀ, ਬਿੱਟੂ, ਜਤਿੰਦਰ ਜੋਤੀ, ਰਜਿੰਦਰ ਗੋਰਾ, ਸੁਨੀਲ ਲੋਹੀਆਂ, ਸਰਬਜੋਤ ਸਿੰਘ, ਰਾਜਬੀਰ ਸਿੰਘ, ਚਿਰਾਗ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗੈਂਗਸਟਰ ਦੀਪਕ ਟੀਨੂ ਦੇ ਭਰਾ ਚਿਰਾਗ ਤੇ ਮਾਨਸਾ ਪੁਲਿਸ ਵਲੋਂ ਦੋ ਨਾਜਾਇਜ਼ ਪਿਸਟਲ ਅਤੇ ਬਿੱਟੂ ਤੋਂ ਇਕ ਨਾਜਾਇਜ਼ ਪਿਸਟਲ ਬਰਾਮਦ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ ਜਦੋਂਕਿ ਬਰਖ਼ਾਸਤ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਤੋਂ ਉਨ੍ਹਾਂ ਦੀ ਰਿਹਾਇਸ਼ ਤੋਂ ਤਿੰਨ ਪਿਸਟਲ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਗਿਆ ਸੀ।