ਫ਼ੇਜ਼ 4 ਦੇ ਗੁਰਦੁਆਰਾ ਕਲਗ਼ੀਧਰ ਵਿਚ ਦੋ ਧਿਰਾਂ ਵਿਚ ਹੋਇਆ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੀ ਕਵਰੇਜ ਕਰਨ ਗਏ ਪੱਤਰਕਾਰ ਨੂੰ ਪੁਲਿਸ ਨੇ ਪਹੁੰਚਾਇਆ ਥਾਣੇ, ਕੀਤੀ ਕੁੱਟਮਾਰ

ਘਟਨਾ ਦੀ ਕਵਰੇਜ ਕਰਨ ਗਏ ਪੱਤਰਕਾਰ ਨੂੰ ਪੁਲਿਸ ਨੇ ਪਹੁੰਚਾਇਆ ਥਾਣੇ, ਕੀਤੀ ਕੁੱਟਮਾਰ

ਐਸ.ਏ.ਐਸ ਨਗਰ, 22 ਮਈ (ਸੁਖਦੀਪ ਸਿੰਘ ਸੋਈਂ): ਫ਼ੇਜ਼-4 ਦੇ ਗੁਰਦੁਆਰਾ ਕਲਗ਼ੀਧਰ ਵਿਚ ਦੋ ਧਿਰਾਂ ਵਿਚ ਹੋਏ ਵਿਵਾਦ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਕਥਿਤ ਤੌਰ 'ਤੇ ਇਕ ਰੋਜ਼ਾਨਾ ਅਖ਼ਬਾਰ ਦੇ ਪੱਤਰਕਾਰ ਮੇਜਰ ਸਿੰਘ ਨੂੰ ਗੱਡੀ ਵਿਚ ਸੁੱਟ ਕੇ ਥਾਣੇ ਲਿਜਾਇਆ ਗਿਆ ਜਿਥੇ ਉਸ ਦੀ ਕੁੱਟਮਾਰ ਕੀਤੀ ਗਈ।

ਪੱਤਰਕਾਰ ਮੇਜਰ ਸਿੰਘ ਨੇ ਦਸਿਆ ਕਿ ਅੱਜ ਉਹ ਗੁਰਦੁਆਰਾ ਫ਼ੇਜ਼ 4 ਵਿਚ ਮੱਥਾ ਟੇਕਣ ਗਿਆ ਸੀ ਜਿਥੇ ਦੋ ਧਿਰਾਂ ਵਿਚ ਆਪਸੀ ਝਗੜਾ ਹੋ ਰਿਹਾ ਸੀ ਜਿਸ ਦੀ ਉਹ ਵੀਡੀਉ ਬਣਾਉਣ ਲੱਗ ਗਿਆ। ਇਸ ਦੌਰਾਨ ਉੱਥੇ ਪੁਲਿਸ ਟੀਮ ਵੀ ਆ ਗਈ ਜਿਸ ਦੀ ਅਗਵਾਈ ਏ.ਐਸ.ਆਈ. ਉਮਪ੍ਰਕਾਸ਼ ਵਲੋਂ ਕੀਤੀ ਜਾ ਰਹੀ ਸੀ।

ਮੇਜਰ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਵਲੋਂ ਇਹ ਦੱਸਣ ਦੇ ਬਾਵਜੂਦ ਕਿ ਉਹ ਪੱਤਰਕਾਰ ਹੈ ਅਤੇ ਕਵਰੇਜ ਕਰ ਰਿਹਾ ਹੈ, ਉਸ ਨੂੰ ਜਬਰੀ ਗੱਡੀ ਵਿਚ ਸੁੱਟ ਕੇ ਫ਼ੇਜ਼-1 ਦੇ ਥਾਣੇ ਲਿਆਂਦਾ ਗਿਆ ਜਿੱਥੇ ਏ.ਐਸ.ਆਈ. ਅਤੇ ਇਕ ਹੋਰ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਉਸ ਦੀ ਦਸਤਾਰ ਲੱਥ ਗਈ ਅਤੇ ਕੇਸ ਖੁਲ੍ਹਣ ਕਾਰਨ ਕੰਘਾ ਵੀ ਡਿੱਗ ਪਿਆ।

ਉਸ ਨੇ ਦਸਿਆ ਕਿ ਇਸ ਤੋਂ ਬਾਅਦ ਉਕਤ ਏ.ਐਸ.ਆਈ. ਨੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿਤਾ। ਇਸ ਦੌਰਾਨ ਥਾਣੇ ਦੇ ਐਸ.ਐਚ.ਓ. ਮਨਫੂਲ ਸਿੰਘ ਥਾਣੇ ਪਹੁੰਚ ਗਏ ਅਤੇ ਉਨ੍ਹਾਂ ਉਸ ਨੂੰ ਪਛਾਣ ਕੇ ਹਵਾਲਾਤ ਤੋਂ ਬਾਹਰ ਕੱਢ ਲਿਆ ਅਤੇ ਅਪਣੇ ਕਮਰੇ ਵਿਚ ਬਿਠਾ ਲਿਆ ਅਤੇ ਫਿਰ ਜਾ ਕੇ ਉਸ ਦੀ ਖ਼ਲਾਸੀ ਹੋਈ।

ਦੂਜੇ ਪਾਸੇ ਏ.ਐਸ.ਆਈ. ਓਮ ਪ੍ਰਕਾਸ਼ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਫ਼ੇਜ਼-4 ਵਿਚ ਹੋਏ ਝਗੜੇ ਸਬੰਧੀ ਉਹ ਉੱਥੇ ਪਹੁੰਚੇ ਸੀ ਅਤੇ ਮੇਜਰ ਸਿੰਘ ਨੇ ਉਥੇ ਝਗੜਾ ਕਰ ਰਹੇ ਜਸਪਾਲ ਸਿੰਘ ਨੂੰ ਮੌਕੇ ਤੋਂ ਭਜਾ ਦਿਤਾ। ਜਦੋਂ ਪੁਲਿਸ ਟੀਮ ਅਪਣੀ ਗੱਡੀ 'ਤੇ ਉਸ ਨੂੰ ਫੜਨ ਜਾ ਰਹੀ ਸੀ ਤਾਂ ਇਹ ਵਿਅਕਤੀ (ਮੇਜਰ ਸਿੰਘ) ਪੁਲਿਸ ਦੀ ਗੱਡੀ ਅੱਗੇ ਬਾਹਵਾਂ ਖਿਲਾਰ ਕੇ ਖੜਾ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ।

ਉਨ੍ਹਾਂ ਥਾਣੇ ਲਿਆ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਥਾਣੇ ਵਿਚ ਮੌਜੂਦ ਐਸ.ਐਚ.ਓ. ਨੇ ਉਸ ਨੂੰ ਪਛਾਣ ਲਿਆ ਅਤੇ ਅਪਣੈ ਕੋਲ ਬਿਠਾ ਲਿਆ।

ਇਸ ਦੌਰਾਨ ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਫ਼ੇਜ਼-4 ਦੇ ਪ੍ਰਧਾਨ ਜੇ.ਪੀ. ਸਿੰਘ ਨੇ ਕਿਹਾ ਕਿ ਗੁਰਦੁਆਰੇ ਦੇ ਇਕ ਰਾਗੀ ਵਿਰੁਧ ਇਸ਼ਨਾਨ ਕੀਤੇ ਬਗੈਰ ਕੀਰਤਨ ਕਰਨ ਦੇ ਦੋਸ਼ ਲਗਣ 'ਤੇ ਕਮੇਟੀ ਵਲੋਂ ਉਸ ਨੂੰ ਨੌਕਰੀ ਤੋਂ ਫ਼ਾਰਗ ਕਰ ਦਿਤਾ ਗਿਆ ਸੀ, ਜਿਸ ਦਾ ਕੁੱਝ ਵਿਅਕਤੀ ਵਿਰੋਧ ਕਰ ਰਹੇ ਹਨ ਅਤੇ ਗੁਰਦੁਆਰੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਪੱਤਰਕਾਰ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਸੀ, ਜਿਸ ਦੀ ਉਨ੍ਹਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ। ਦੂਜੀ ਧਿਰ ਦੇ ਜਸਪਾਲ ਸਿੰਘ ਨੇ ਕਿਹਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਕੁੱਝ ਵਿਅਕਤੀ ਰਾਗੀ ਸਿੰਘਾਂ ਨੂੰ ਜਬਰੀ ਬਾਹਰ ਕੱਢ ਰਹੇ ਸੀ, ਜਿਸ ਦਾ ਉਨ੍ਹਾਂ ਵਿਰੋਧ ਕੀਤਾ ਸੀ ਅਤੇ ਪ੍ਰਧਾਨ ਨੇ ਪੁਲਿਸ ਸੱਦ ਲਈ।

ਮੌਕੇ ਤੋਂ ਫ਼ਰਾਰ ਹੋਣ ਦੇ ਏ.ਐਸ.ਆਈ. ਦੇ ਦੋਸ਼ ਬਾਰੇ ਉਨ੍ਹਾਂ ਕਿਹਾ ਕਿ ਏ.ਐਸ.ਆਈ. ਅਪਣੀ ਜਾਨ ਬਚਾਉਣ ਲਈ ਝੂਠ ਬੋਲ ਰਿਹਾ ਹੈ ਕਿਉਂਕਿ ਉਹ ਮੌਕੇ 'ਤੇ ਪੱਤਰਕਾਰ ਮੇਜਰ ਸਿੰਘ ਵਲੋਂ ਅਪਣਾ ਸ਼ਨਾਖ਼ਤੀ ਕਾਰਡ ਵਿਖਾਉਣ ਦੇ ਬਾਵਜੂਦ ਉਸ ਨੂੰ ਜਬਰੀ ਥਾਣੇ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀ ਹਨ।