ਨਿਜੀ ਸਕੂਲਾਂ ਵਲੋਂ ਦੋ ਮਹੀਨੇ ਦੀ ਫ਼ੀਸ ਮੰਗਣ 'ਤੇ ਮਾਪਿਆਂ ਵਲੋਂ ਵਿਰੋਧ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਨੇ ਕਿਹਾ, ਆਨਲਾਈਨ ਕਲਾਸ ਦੇ ਨਾਂ 'ਤੇ ਸਿਰਫ਼ ਵਰਕਸ਼ੀਟ ਭੇਜੀ ਜਾ ਰਹੀ ਹੈ

ਸਕੂਲ ਪ੍ਰਬੰਧਕਾਂ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਮਾਪੇ। (ਸੰਤੋਖ ਸਿੰਘ)

ਚੰਡੀਗੜ੍ਹ, 22 ਮਈ (ਤਰੁਣ ਭਜਨੀ) : ਯੂ.ਟੀ. ਸਿਖਿਆ ਵਿਭਾਗ ਵਲੋਂ ਨਿਜੀ ਸਕੂਲਾਂ ਦੀ ਫ਼ੀਸ 31 ਮਈ ਤਕ ਜਮ੍ਹਾਂ ਕਰਵਾਉਣ ਦੇ ਜਾਰੀ ਕੀਤੇ ਗਏ ਫਰਮਾਨ ਵਿਰੁਧ ਬੱਚਿਆਂ ਦੇ ਮਾਪੇ ਗੁੱਸੇ ਵਿਚ ਹਨ। ਇਹ ਫਰਮਾਨ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਸੈਕਟਰ 44 ਦੇ ਸੇਂਟ ਜੇਵੀਅਰ ਸਕੂਲ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਇਸ ਦਾ ਵਿਰੋਧ ਕੀਤਾ।

ਮਾਪਿਆਂ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਬਾਅਦ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ। ਉਥੇ ਹੀ, ਕੁੱਝ ਮਾਪਿਆਂ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਦੇ ਵਪਾਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਰ ਕੇ ਉਹ ਫ਼ੀਸ ਦੇਣ ਦੀ ਸਥਿਤੀ ਵਿਚ ਨਹੀਂ ਹਨ।

 ਅਜਿਹੇ ਵਿਚ ਉਹ ਦੋ ਮਹੀਨੇ ਦੀ ਫ਼ੀਸ ਕਿੱਥੋਂ ਜਮ੍ਹਾਂ ਕਰਵਾਉਣਗੇ। ਮਾਪਿਆਂ ਦਾ ਕਹਿਣਾ ਹੈ ਕਿ ਆਨਲਾਈਨ ਕਲਾਸ ਦੇ ਨਾਂ 'ਤੇ ਸਿਰਫ਼ ਵਰਕਸ਼ੀਟ ਭੇਜੀ ਜਾ ਹੈ ਅਤੇ ਬੱਚਿਆਂ ਨੂੰ ਅਪਣੇ ਆਪ ਹੀ ਉਸ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। ਅਜਿਹੇ ਵਿਚ ਆਨਲਾਈਨ ਕਲਾਸ ਸਿਰਫ਼ ਨਾਂ ਦੀ ਰਹਿ ਗਈ ਹੈ।

ਇਸ ਨਾਲ ਵਿਦਿਆਰਥੀਆਂ ਨੂੰ ਕੋਈ ਫ਼ਾਇਦਾ ਨਹੀਂ ਮਿਲ ਰਿਹਾ ਹੈ। ਜਦੋਂ ਆਨਲਾਇਨ ਕਲਾਸ ਹੀ ਨਹੀਂ ਹੋਈ, ਤਾਂ ਫੀਸ ਕਿਉਂ ਜਮਾ ਕਰਵਾਈ ਜਾਵੇ। ਕਾਫ਼ੀ ਗਿਣਤੀ ਵਿਚ ਮਾਪਿਆਂ ਦਾ ਸਕੂਲ ਦੇ ਗੇਟ ਸਾਹਮਣੇ ਖੜੇ ਹੋ ਕੇ ਪ੍ਰਦਰਸ਼ਨ ਕਰਨ 'ਤੇ ਸਕੂਲ ਪ੍ਰਬੰਧਕਾਂ ਵਲੋਂ ਕੰਟਰੋਲ ਰੂਮ 'ਚ ਫ਼ੋਨ ਕਰ ਕੇ ਪੁਲਿਸ ਬੁਲਾਈ ਗਈ।

ਇਸ ਦੇ ਬਾਅਦ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਮਾਪੇ ਸਵੇਰੇ 10 ਵਜੇ ਸਕੂਲ ਪੁੱਜੇ ਅਤੇ ਉਨ੍ਹਾ ਦਾ ਪ੍ਰਦਰਸ਼ਨ ਕਾਫ਼ੀ ਸਮਾ ਜਾਰੀ ਰਿਹਾ।

ਜ਼ਿਕਰਯੋਗ ਹੈ ਕਿ ਯੂਟੀ ਸਿਖਿਆ ਵਿਭਾਗ ਵਲੋਂ ਬੀਤੀ 18 ਮਈ ਨੂੰ ਇਹ ਫਰਮਾਨ ਸੁਣਾਇਆ ਗਿਆ ਸੀ ਕਿ ਉਨ੍ਹਾਂ ਨੂੰ ਅਪ੍ਰੈਲ ਅਤੇ ਮਈ ਦੀ ਫ਼ੀਸ ਇਕੱਠੇ 31 ਮਈ ਤਕ ਜਮ੍ਹਾਂ ਕਰਵਾਉਣੀ ਹੋਵੇਗੀ।

ਇਸ ਤੋਂ ਬਾਅਦ ਸੇਂਟ ਜੇਵੀਅਰਸ ਸਕੂਲ ਸੈਕਟਰ-44 ਨੇ ਮਾਪਿਆਂ ਨੂੰ ਫ਼ੀਸ ਜਮਾ ਕਰਵਾਉਣ ਲਈ ਕਿਹਾ। ਇਸ ਫ਼ੈਸਲੇ ਵਿਰੁਧ ਸ਼ੁੱਕਰਵਾਰ ਨੂੰ ਮਾਪਿਆਂ ਨੇ ਸਕੂਲ ਦੇ ਮੇਨ ਗੇਟ ਦੇ ਬਾਹਰ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ।

ਹਾਲਾਂਕਿ ਕੋਰੋਨਾ ਮਾਹਾਮਾਰੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਦੇ ਬਾਵਜੂਦ ਲੋਕ ਉਥੇ ਇਕੱਠੇ ਹੋਏ।