ਪ੍ਰਨੀਤ ਕੌਰ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਨੇ ਸੰਕਟ ਸਮੇਂ ਫੜੀ ਲੋੜਵੰਦਾਂ ਦੀ ਬਾਂਹ : ਪ੍ਰਨੀਤ ਕੌਰ

ਪ੍ਰਨੀਤ ਕੌਰ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

ਪਟਿਆਲਾ, 22 ਮਈ (ਤੇਜਿੰਦਰ ਫ਼ਤਿਹਪੁਰ) : ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਕਰਕੇ ਲਾਗੂ ਕਰਫਿਊ ਅਤੇ ਤਾਲਾਬੰਦੀ ਕਾਰਨ ਆਪਣੇ ਕੰਮ-ਧੰਦੇ ਤੋਂ ਵਿਹਲੇ ਹੋਏ ਮਿਹਨਤਕਸ਼ ਤੇ ਲੋੜਵੰਦ ਲੋਕਾਂ ਦੀ ਇਸ ਸੰਕਟ ਦੇ ਸਮੇਂ ਬਾਂਹ ਫੜਕੇ ਉਨ੍ਹਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਹਨ।

ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਪਟਿਆਲਾ ਸ਼ਹਿਰ ਦੇ ਆਟੋ ਯੂਨੀਅਨ ਦੇ ਮੈਂਬਰਾਂ ਅਤੇ ਸਲਮਾਨੀ ਏਕਤਾ ਮੰਚ ਅਤੇ ਵੈਲਫੇਅਰ ਸੁਸਾਇਟੀ, ਜਿਸ ਦੇ ਮੈਂਬਰ ਬਾਰਬਰ ਅਤੇ ਸੈਲੂਨ ਦਾ ਕੰਮ ਕਰਦੇ ਹਨ, ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਕੱਲੇ ਪਟਿਆਾਲਾ ਜ਼ਿਲ੍ਹੇ ਅੰਦਰ ਹੀ ਪੰਜਾਬ ਸਰਕਾਰ ਨੇ ਹੁਣ ਤੱਕ 2 ਲੱਖ ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਹਨ।

ਸ਼੍ਰੀਮਤੀ ਪਰਨੀਤ ਕੌਰ ਨੇ ਉਨ੍ਹਾਂ ਦੱਸਿਆ ਕਿ ਆਟੋ ਯੂਨੀਅਨ ਅਤੇ ਬਾਰਬਰ ਸੈਲੂਨ ਵਾਲਿਆਂ ਦਾ ਕੰਮ ਵੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਸੀ, ਜਿਸ ਲਈ ਇਨ੍ਹਾਂ ਨੂੰ 2200 ਦੇ ਕਰੀਬ ਕਿੱਟਾਂ ਅੱਜ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਨਾਲ ਹੀ ਸਲੇਮਾਨੀ ਏਕਤਾ ਮੰਚ ਅਤੇ ਮੁਸਲਮਾਨ ਭਾਈਚਾਰੇ ਨੂੰ ਆ ਰਹੀ ਈਦ ਦੀ ਵੀ ਮੁਬਾਰਕਬਾਦ ਦਿੱਤੀ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਬ ਡਵੀਜਨ ਪੱਧਰ 'ਤੇ ਇਹ ਰਾਸ਼ਨ ਕਿੱਟਾਂ ਹਰ ਗਲੀ-ਮੁਹੱਲੇ ਅਤੇ ਪਿੰਡ-ਪਿੰਡ ਪਹੁੰਚ ਚੁੱਕੀਆਂ ਹਨ ਪਰੰਤੂ ਜੇਕਰ ਕਿਸੇ ਨੂੰ ਰਾਸ਼ਨ ਲੈਣ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਲਈ ਇੱਕ ਹੈਲਪਲਾਈਨ ਨੰਬਰ 1905 ਵੀ ਜਾਰੀ ਕੀਤਾ ਗਿਆ ਹੈ।

ਸ਼੍ਰੀਮਤੀ ਪਰਨੀਤ ਕੌਰ ਨੇ ਆਸ ਪ੍ਰਗਟਾਈ ਕਿ ਹੁਣ ਜਦੋਂ ਕੇਵਲ ਰਾਤ ਦਾ ਕਰਫਿਊ ਰਹਿ ਗਿਆ ਹੈ ਤਾਂ ਲੋਕਾਂ ਦੇ ਕੰਮ-ਕਾਜ ਵੀ ਲੀਹ 'ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੇ ਮਿਸ਼ਨ ਫ਼ਤਹਿ 'ਚ ਸਾਨੂੰ ਕਾਮਯਾਬੀ ਕੇਵਲ ਸਾਵਧਾਨੀਆਂ ਵਰਤਕੇ ਹੀ ਹਾਸਲ ਹੋਵੇਗੀ।

ਲੋਕ ਸਭਾ ਮੈਂਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਦੇ ਕਰਫਿਊ ਸਮੇਤ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦਾ ਪਾਲਣ ਸਖ਼ਤੀ ਨਾਲ ਕਰਨ ਅਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਵੀ ਸਖ਼ਤੀ ਨਾਲ ਕਰਨ।

ਰਾਸ਼ਨ ਹਾਸਲ ਕਰਨ ਵਾਲੇ ਸਲਮਾਨੀ ਏਕਤਾ ਮੰਚ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਇਰਫ਼ਾਨ ਅਲੀ ਸਲਮੇਨੀ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਸ੍ਰੀ ਦੇਵਿੰਦਰ ਪਾਲ ਸਿੰਘ ਨੇ ਸ੍ਰੀਮਤੀ ਪਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਕਟ ਦੇ ਸਮੇਂ 'ਚ ਉਨ੍ਹਾਂ ਦੀ ਮਦਦ ਕੀਤੀ ਹੈ।

ਇਸ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਬਲਾਕ ਪ੍ਰਧਾਨ ਤੇ ਕੌਂਸਲਰ ਸ੍ਰੀ ਅਤੁਲ ਜੋਸ਼ੀ ਵੀ ਮੌਜੂਦ ਸਨ।