ਕੋਰੋਨਾ ਦੀ ਦੂਜੀ ਲਹਿਰ ਭਾਰਤ 'ਚ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ: ਆਈਐਮਐਫ਼

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੀ ਦੂਜੀ ਲਹਿਰ ਭਾਰਤ 'ਚ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ: ਆਈਐਮਐਫ਼

image

ਵਾਸ਼ਿੰਗਟਨ, 22 ਮਈ : ਕੌਮਾਂਤਰੀ ਮੁਦਰਾ ਫ਼ੰਡ (ਆਈਐਮਐਫ਼) ਨੇ ਭਾਰਤ ਵਿਚ ਕੋਵਿਡ-19 ਦੀ 'ਵਿਨਾਸ਼ਕਾਰੀ' ਦੂਜੀ ਲਹਿਰ ਨੂੰ  ਅੱਗੇ ਆਉਣ ਵਾਲੇ ਸਮੇਂ ਵਿਚ ਹੋਰ ਬੁਰੇ ਸੰਕਟ ਦਾ ਇਸ਼ਾਰਾ ਦਸਿਆ ਹੈ | ਆਈਐਮਐਫ਼ ਨੇ ਕਿਹਾ ਕਿ ਭਾਰਤ ਦੇ ਹਾਲਾਤ ਉਨ੍ਹਾਂ ਗ਼ਰੀਬ ਤੇ ਮੱਧ ਆਮਦਨ ਵਾਲੇ ਦੇਸ਼ਾਂ ਲਈ ਚੇਤਾਵਨੀ ਹੈ, ਜੋ ਅਜੇ ਤਕ ਮਹਾਂਮਾਰੀ ਤੋਂ ਬਚੇ ਹੋਏ ਹਨ | ਆਈਐਮਐਫ਼ ਦੇ ਅਰਥਸ਼ਾਸਤਰੀ ਰੁਚਿਰ ਅਗਰਵਾਲ ਤੇ ਸੰਸਥਾ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਉਪਰੋਕਤ ਦਾਅਵਾ ਅਪਣੀ ਇਕ ਰਿਪੋਰਟ ਵਿਚ ਕੀਤਾ ਹੈ | ਰਿਪੋਰਟ ਮੁਤਾਬਕ ਮੌਜੂਦਾ ਰਫ਼ਤਾਰ ਨਾਲ 


ਭਾਰਤ ਵਿਚ 2021 ਦੇ ਆਖ਼ਰ ਤਕ 35 ਫ਼ੀ ਸਦ ਤੋਂ ਘੱਟ ਲੋਕਾਂ ਨੂੰ  ਹੀ ਟੀਕਾ ਲੱਗਣ ਦੇ ਆਸਾਰ ਹਨ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਮਗਰੋਂ ਕੋਵਿਡ-19 ਦੀ ਭਾਰਤ ਵਿੱਚ ਜਾਰੀ ਦੂਜੀ ਲਹਿਰ ਇਸ ਗੱਲ ਦਾ ਸੰਕੇਤ ਹੈ ਕਿ ਵਿਕਾਸਸ਼ੀਲ ਮੁਲਕਾਂ ਵਿਚ ਅੱਗੇ ਹੋਰ ਬੁਰੇ ਹਾਲਾਤ ਵੇਖਣ ਨੂੰ  ਮਿਲ ਸਕਦੇ ਹਨ | ਰਿਪੋਰਟ ਮੁਤਾਬਕ ਭਾਰਤ ਦਾ ਸਿਹਤ ਢਾਂਚਾ ਕੋਵਿਡ ਦੀ ਪਹਿਲੀ ਲਹਿਰ ਨਾਲ ਨਜਿੱਠਣ ਵਿਚ ਕਾਫ਼ੀ ਹੱਦ ਤਕ ਸਫ਼ਲ ਰਿਹਾ ਪਰ ਐਤਕੀ ਦੂਜੀ ਲਹਿਰ ਦੌਰਾਨ ਸਿਹਤ ਢਾਂਚੇ 'ਤੇ ਇੰਨਾ ਬੋਝ ਪਿਆ ਕਿ ਲੋਕ ਆਕਸੀਜਨ ਤੇ ਹੋਰ ਸਿਹਤ ਸਹੂਲਤਾਂ ਦੀ ਕਿੱਲਤ ਕਰ ਕੇ ਮਰ ਰਹੇ ਹਨ | ਰਿਪੋਰਟ ਵਿਚ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਨੇ ਤੀਜੀ ਲਹਿਰ ਨਾਲ ਮੁਕਾਬਲਾ ਕਰਨ ਦੀ ਤਿਆਰੀ ਨਾ ਕੀਤੀ ਤਾਂ ਭਾਰਤ ਦੀ ਅਰਕ ਵਿਵਸਥਾ ਨੂੰ  ਬਹੁਤ ਵੱਡਾ ਧੱਕਾ ਲੱਗ ਸਕਦਾ ਹੈ |     (ਏਜੰਸੀ)