ਗੁਰਦਾਸਪੁਰ : ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ
ਪਿੰਡ ਵਿਚ ਹੋਏ ਬੱਚਿਆਂ ਦੇ ਝਗੜੇ ਨੂੰ ਸੁਲਝਾਉਣ ਗਏ ਸਨ
ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਭਾਮ 'ਚ ਘਰੇਲੂ ਝਗੜੇ ਦੌਰਾਨ ਫੈਸਲਾ ਕਰਵਾਉਂਦੇ ਸਮੇਂ ਤੈਸ਼ ਚ ਆਏ ਨਿਹੰਗ ਸਿੰਘ ਨੇ ਸਾਬਕਾ ਕਾਂਗਰਸੀ ਦਾ ਹੱਥ ਦਾ ਗੁੱਟ ਵੱਢ ਦਿੱਤਾ। ਜਿਸਨੂੰ ਜਖ਼ਮੀ ਹਾਲਾਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਪਿੰਡ ਵਿਚ ਬੱਚਿਆਂ ਦੀ ਹੋਈ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਗਏ ਸਨ।
ਫ਼ੈਸਲੇ ’ਚ ਨਿਹੰਗ ਸਿੰਘ ਵੀ ਪਹੁੰਚੇ ਸਨ। ਫ਼ੈਸਲੇ ਦੀ ਗੱਲਬਾਤ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਤੈਸ਼ ’ਚ ਆ ਗਿਆ। ਉਸ ਨੇ ਕਿਰਪਾਨ ਨਾਲ ਸੁਖਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸੁਖਵਿੰਦਰ ਸਿੰਘ ਦਾ ਗੁੱਟ ਵੱਢਿਆ ਗਿਆ। ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ 10 ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿਚ ਜਖ਼ਮੀ ਸੁਖਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪਤੀ ਸੁਖਵਿੰਦਰ ਸਿੰਘ ਪਿੰਡ ਵਿਚ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਉਥੇ ਪਹੁੰਚੇ ਸਨ।
ਦੋਨਾਂ ਧਿਰਾਂ ਦੌਰਾਨ ਰਾਜੀਨਾਮੇ ਤੋਂ ਬਾਅਦ ਜਦੋਂ ਸੁਖਵਿੰਦਰ ਸਿੰਘ ਘਰ ਵਾਪਸ ਆ ਰਹੇ ਸਨ ਤਾਂ ਇਸੇ ਦੌਰਾਨ ਇਕ ਗੁੱਟ ਵਲੋਂ ਲਿਆਂਦੇ ਗਏ ਨਿਹੰਗ ਸਿੰਘਾਂ ਨੇ ਸੁਖਵਿੰਦਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨੇ ਹਮਲਾ ਕਰ ਦਿਤਾ ਅਤੇ ਗੰਭੀਰ ਜ਼ਖਮੀ ਕਰ ਦਿਤਾ। ਮਨਜੀਤ ਕੌਰ ਨੇ ਇਹਨਾਂ ਨਿਹੰਗਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗਏ ਸਨ। ਇਸ ਤੋਂ ਬਾਅਦ ਜਦੋਂ ਸੁਖਵਿੰਦਰ ਸਿੰਘ ਵਾਪਸ ਘਰ ਜਾ ਰਹੇ ਸਨ ਤਾਂ ਨਿਹੰਗ ਸਿੰਘ ਨੇ ਹਮਲਾ ਕਰਕੇ ਸੁਖਵਿੰਦਰ ਸਿੰਘ ਨੂੰ ਜਖਮੀ ਕਰ ਦਿਤਾ। ਪੁਲਿਸ ਨੇ ਅੱਠ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਗਿਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।