ਪਟਿਆਲਾ ਦਿਹਾਤੀ ਤੋਂ AAP ਵਿਧਾਇਕ ਨੂੰ ਪਰਿਵਾਰ ਅਤੇ ਸਾਥੀਆਂ ਸਮੇਤ ਹੋਈ 3 ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਟਿਊਬਵੈਲ ਦੇ ਪਾਣੀ ਨੂੰ ਲੈ ਕੇ ਹੋਇਆ ਸੀ ਝਗੜਾ, 50 ਹਜ਼ਾਰ ਦੇ ਮੁਚਲਕੇ 'ਤੇ ਕੋਰਟ ਨੇ ਦਿਤੀ ਜ਼ਮਾਨਤ 

AAP MLA dr. Balbir Singh

ਮੇਰਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਸਮਰਪਿਤ ਰਹੇਗਾ - ਵਿਧਾਇਕ ਡਾ. ਬਲਬੀਰ ਸਿੰਘ 
ਰੋਪੜ :
ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਬੇਟੇ ਰਾਹੁਲ ਸਮੇਤ ਚਾਰ ਵਿਅਕਤੀਆਂ ਨੂੰ ਰੋਪੜ ਦੀ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਰਵੀਇੰਦਰ ਸਿੰਘ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ।

ਦੱਸ ਦੇਈਏ ਕਿ ਟਿਊਬਵੈੱਲ ਦਾ ਪਾਣੀ ਲਗਾਉਣ ਨੂੰ ਲੈ ਕੇ ਉਨ੍ਹਾਂ ਦਾ ਚਮਕੋਰ ਸਾਹਿਬ ਦੇ ਪਿੰਡ ਟੱਪਰੀਆਂ ਦੇ ਦਿਆਲ ਸਿੰਘ ਨਾਲ ਝਗੜਾ ਹੋ ਗਿਆ ਸੀ ਜਿਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ।ਦੱਸ ਦੇਈਏ ਕਿ ਇਹ ਮਾਮਲਾ 13 ਜੂਨ, ਸਾਲ 2011 ਦਾ ਹੈ।  ਇਸ ਮਾਮਲੇ ਵਿੱਚ ਵਿਧਾਇਕ ਬਲਬੀਰ ਸਿੰਘ ਦੀ ਸਾਲੀ ਰੁਪਿੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਰਿਟਾਇਰ ਵਿੰਗ ਕਮਾਂਡਰ ਮੇਵਾ ਸਿੰਘ ਸ਼ਿਕਾਇਤਕਰਾ ਹਨ।

ਦੱਸਣਯੋਗ ਹੈ ਕਿ ਕੋਰਟ ਵਲੋਂ ਸਾਰੇ ਦੋਸ਼ੀਆਂ ਨੂੰ 16 -16 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਹਾਲਾਂਕਿ ਕੋਰਟ ਨੇ 50 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ ਹੈ। ਡਾਕਟਰ ਬਲਬੀਰ ਸਿੰਘ ਸਮੇਤ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਸੈਣੀ,ਲੜਕੇ ਰਾਹੁਲ ਤੇ ਇਕ ਹੋਰ ਵਿਅਕਤੀ ਪਰਮਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਚਾਰਾ ਨੂੰ ਜ਼ਮਾਨਤ ਦੇ ਦਿਤੀ ਹੈ।

ਇਸ ਬਾਰੇ ਵਿਧਾਇਕ ਨੇ ਖੁਦ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਫ਼ੈਸਲੇ ਦਾ ਅਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ 'ਤੇ ਸਾਰੇ ਪਰਿਵਾਰ ਨੂੰ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਬਿਲਕੁਲ ਨਿਰਦੋਸ਼ ਹਾਂ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉੱਚ ਅਦਾਲਤਾਂ ਤੋਂ ਸਾਨੂੰ ਇਨਸਾਫ਼ ਮਿਲੇਗਾ।

ਪਟਿਆਲੇ ਅਤੇ ਪੰਜਾਬ ਦੇ ਲੋਕ ਮੈਨੂੰ ਅਤੇ ਮੇਰੇ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦੋਂ ਸਮਾਜ ਵਿੱਚ ਸੁਧਾਰ ਕਰਨ ਦੇ ਰਸਤੇ 'ਤੇ ਤੁਰੇ ਸੀ ਤਾਂ ਇਹ ਗੱਲ ਸਪਸ਼ਟ ਸੀ ਕਿ ਇਸ ਰਸਤੇ 'ਤੇ ਕਈ ਤਸ਼ਦੱਦਾਂ ਦਾ ਸਾਹਮਣਾ ਕਰਨਾ ਪਏਗਾ। ਸਾਡੀ ਪਾਰਟੀ ਦੇ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ 'ਤੇ ਕਈ ਵਾਰ ਧੱਕੇ ਨਾਲ ਕਾਰਵਾਈ ਕੀਤੀ ਗਈ ਹੈ ਲੇਕਿਨ ਅੰਤ ਵਿੱਚ ਹਮੇਸ਼ਾ ਨਿਰਦੋਸ਼ ਸਾਬਿਤ ਹੋਏ ਹਨ। ਮੇਰਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਸਮਰਪਿਤ ਰਹੇਗਾ।