ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਵਾਲੇ ਬਿਆਨ 'ਤੇ ਰਾਜਾ ਵੜਿੰਗ ਨੇ ਕੀਤਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਵਾਲ
'ਅਜਿਹੀ ਮੰਗ ਭਾਈਚਾਰੇ ਲਈ ਖਾਸ ਖ਼ਤਰੇ ਦੀ ਚਿੰਤਾ ਪੈਦਾ ਕਰਦੀ ਹੈ'
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਜਾਰੀ ਸੰਦੇਸ਼ ਵਿਚ ਕਿਹਾ ਹੈ ਕਿ ਹਰ ਸਿੱਖ ਨੂੰ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਮੀਰੀ-ਪੀਰੀ ਦੇ ਮੋਢੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ 'ਤੇ ਲਾਈਵ ਹੋ ਕੇ ਕਹੀ ਹੈ।
ਇਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਅਜਿਹਾ ਬਿਆਨ ਦੇਣ ਦਾ ਕਾਰਨ ਵੀ ਪੁੱਛਿਆ ਜਾ ਰਿਹਾ ਹੈ। ਇਸ ਦੇ ਚਲਦੇ ਹੀ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕਿਹਾ ਹੈ।
ਉਨ੍ਹਾਂ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਦੱਸਣ ਕਿ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਦੀ ਲੋੜ ਕਿਉਂ ਹੈ? ਰਾਜਾ ਵੜਿੰਗ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਸਿੱਖ ਭਾਈਚਾਰੇ 'ਚ ਰੁਤਬਾ ਬਹੁਤ ਉਚਾ ਹੈ ਅਤੇ ਉਨ੍ਹਾਂ ਵਲੋਂ ਆਧੁਨਿਕ ਹਥਿਆਰਾਂ ਲਈ ਕੀਤੀ ਗਈ ਮੰਗ ਭਾਈਚਾਰੇ ਲਈ ਕਿਸੇ ਖਾਸ ਖ਼ਤਰੇ ਬਾਰੇ ਚਿੰਤਾ ਪੈਦਾ ਕਰਦੀ ਹੈ।
ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿਤਾ ਸੀ ਕਿ ਸਿੱਖਾਂ ਨੂੰ ਨਵੀਨਤਮ ਗਤਕਾ, ਤਲਵਾਰਬਾਜ਼ੀ, ਤੀਰਅੰਦਾਜ਼ੀ ਆਦਿ ਦਾ ਅਭਿਆਸ ਕਰਨ ਦੇ ਨਾਲ-ਨਾਲ ਗੁਰੂਆਂ ਦਾ ਨਾਮ ਜਪਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਅੱਗੇ ਜੋ ਸਮਾਂ ਆ ਰਿਹਾ ਹੈ ਉਸ ਦੇ ਮੱਦੇਨਜ਼ਰ ਸਿੱਖਾਂ ਨੂੰ ਹਥਿਆਰ ਰੱਖਣੇ ਚਾਹੀਦੇ ਹਨ।