ਅੰਮ੍ਰਿਤਪਾਲ ਸਿੰਘ ਦੇ ਕੇਸ ’ਚ ਚਲਾਨ ਪੇਸ਼, ਕੁੱਲ 12 ਖ਼ਿਲਾਫ਼ ਚਾਲਾਨ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਪਪਲਪ੍ਰੀਤ ਸਿੰਘ ਐੱਨ. ਐੱਸ. ਏ. ਅਧੀਨ ਡਿਬਰੂਗੜ ਜੇਲ੍ਹ ਆਸਾਮ ’ਚ ਹੋਣ ਕਰਕੇ ਉਨ੍ਹਾਂ ਦਾ ਚਲਾਨ ਪੇਸ਼ ਨਹੀਂ ਹੋ ਸਕਿਆ।

Amritpal Singh

ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕੇਸ ਵਿਚ ਥਾਣਾ ਖਿਲਚੀਆਂ ਦੀ ਪੁਲਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਖਿਲਾਫ਼ ਮਾਣਯੋਗ ਇਲਾਕਾ ਮੈਜਿਸਟ੍ਰੇਟ ਬਿਕਰਮਦੀਪ ਸਿੰਘ ਦੀ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਚਲਾਨ ਪੇਸ਼ ਕੀਤਾ ਹੈ, ਜਿਸ ਦੀ ਅਗਲੀ ਪੇਸ਼ੀ ਦੀ ਤਾਰੀਕ 29 ਮਈ ਨੂੰ ਹੋਵੇਗੀ, ਜਿਸ ਵਿਚ ਨਾਮਜ਼ਦ ਹੋਰਾਂ ਦੀ ਪੇਸ਼ੀ ਤੋਂ ਬਾਅਦ ਗਵਾਹੀਆਂ ਸ਼ੁਰੂ ਹੋਣਗੀਆਂ।

ਇਸ ਕੇਸ ਵਿਚ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਪਪਲਪ੍ਰੀਤ ਸਿੰਘ ਐੱਨ. ਐੱਸ. ਏ. ਅਧੀਨ ਡਿਬਰੂਗੜ ਜੇਲ੍ਹ ਆਸਾਮ ’ਚ ਹੋਣ ਕਰਕੇ ਉਨ੍ਹਾਂ ਦਾ ਚਲਾਨ ਪੇਸ਼ ਨਹੀਂ ਹੋ ਸਕਿਆ। ਇਹ ਚਲਾਨ ਥਾਣਾ ਖਿਲਚੀਆਂ ਵਿਚ ਦਰਜ 26 ਨੰਬਰ ਐੱਫ. ਆਈ. ਆਰ. ਮਾਮਲੇ ਵਿਚ ਪੇਸ਼ ਕੀਤਾ ਗਿਆ ਹੈ। ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਨੂੰ ਜਦੋਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਸ ਨੂੰ ਸਹਿਯੋਗ ਦੇਣ ਦੀ ਬਜਾਏ ਕਾਫਲਾ ਭਜਾ ਲਿਆ ਤੇ ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਕੁੱਲ 12 ਵਿਅਕਤੀਆਂ ਖ਼ਿਲਾਫ਼ ਚਾਲਾਨ ਪੇਸ਼ ਕੀਤਾ ਗਿਆ ਹੈ। 

ਦਰਸ਼ਨ ਸਿੰਘ, ਜੱਗੀ ਜਗਮੋਹਨ ਸਿੰਘ, ਸੰਧੂ ਡਰਾਈਵਰ, ਪੰਮਾ ਬਾਜਾਖਾਨਾ ਦੇ ਐਡਰੈੱਸ ਪੂਰੇ ਨਾ ਹੋਣ ਕਰਕੇ ਅਤੇ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦਾ ਹਵਾਲਾ ਵੀ ਦਿੱਤਾ ਗਿਆ ਹੈ। ਚਲਾਨ ਦੇ ਖਾਨਾ ਨੰ. 2 ’ਚ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਪਪਲਪ੍ਰੀਤ ਸਿੰਘ, ਦਰਸ਼ਨ ਸਿੰਘ, ਜੱਗੀ ਜਗਮੋਹਨ ਸਿੰਘ, ਸੰਧੂ ਡਰਾਈਵਰ, ਪੰਮਾ ਬਾਜਾਖਾਨਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਦੇ ਨਾਮ ਰੱਖੇ ਗਏ ਹਨ, ਜਿਨਾਂ ਵਿਰੁੱਧ ਚਲਾਨ ਨਹੀਂ ਪੇਸ਼ ਹੋਇਆ।