ਸਾਬਕਾ ਪ੍ਰਧਾਨ ਮੰਤਰੀ ਸ਼ਾਸਤਰੀ ਦੀ ਮੌਤ ਦੇ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ : ਪੁੱਤਰ ਅਨਿਲ ਸ਼ਾਸਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਅਤੇ ਕਾਂਗਰਸ ਨੇਤਾ ਅਨਿਲ ਸ਼ਾਸਤਰੀ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਨੂੰ ਉਸ ਦੇ......

Anil Shastri

ਚੰਡੀਗੜ੍ਹ  : ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਅਤੇ ਕਾਂਗਰਸ ਨੇਤਾ ਅਨਿਲ ਸ਼ਾਸਤਰੀ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਨੂੰ ਉਸ ਦੇ ਪਿਤਾ ਦੀ ਮੌਤ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕਰਨੇ ਚਾਹੀਦੇ ਹਨ ਤਾਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਿਹੜੀਆਂ ਹਾਲਤਾਂ ਵਿਚ ਹੋਈ ਤੇ ਇੰਜ ਹਰ ਤਰ੍ਹਾਂ ਦੇ ਸ਼ੱਕ-ਸਵਾਲਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿਤਾ ਜਾਵੇ।

ਉਹ 'ਲਾਲ ਬਹਾਦਰ ਸ਼ਾਸਤਰੀ-ਲੈਸਨਜ਼ ਇਨ ਲੀਡਰਸ਼ਿਪ' ਦਾ ਪੰਜਾਬੀ ਅਨੁਵਾਦ ਜਾਰੀ ਕੀਤੇ ਜਾਣ ਦੇ ਸਮਾਗਮ ਤੋਂ ਪਾਸੇ, ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੁਸਤਕ ਅੰਗਰੇਜ਼ੀ ਵਿਚ ਹੈ ਅਤੇ ਪਵਨ ਚੌਧਰੀ ਨੇ ਲਿਖੀ ਹੈ। ਸ਼ਾਸਤਰੀ ਨੇ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਸ਼ਾਸਤਰੀ ਜੀ ਦੀ ਮੌਤ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਜਾਵੇ।' ਪੁਸਤਕ ਦੇ ਅੰਗਰੇਜ਼ੀ ਸੰਸਕਰਨ ਨੂੰ ਇਸ ਤੋਂ ਪਹਿਲਾਂ ਦਲਾਈ ਲਾਮ ਨੇ ਜਾਰੀ ਕੀਤਾ ਸੀ। 

ਲਾਲ ਬਹਾਦਰ ਸ਼ਾਸਤਰੀ ਦੀ 11 ਜਨਵਰੀ 1966 ਨੂੰ ਤਾਸ਼ਕੰਦ ਵਿਚ ਪਾਕਿਸਤਾਨ ਲਾਲ ਤਾਸ਼ਕੰਦ ਸਮਝੌਤੇ 'ਤੇ ਹਸਤਾਖਰ ਕਰਨ ਤੋਂ ਤੁਰਤ ਬਾਅਦ ਮੌਤ ਹੋ ਗਈ ਸੀ। ਕਿਹਾ ਗਿਆ ਸੀ ਕਿ ਸ਼ਾਸਤਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਪਰ ਉਨ੍ਹਾਂ ਦੇ ਪਰਵਾਰ ਨੇ ਮੌਤ ਦੇ ਮਾਮਲੇ ਵਿਚ ਸ਼ੱਕ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ, 'ਜਿਸ ਤਰੀਕੇ ਨਾਲ ਮੌਤ ਹੋਈ, ਉਸ ਬਾਰੇ ਕਈ ਗੱਲਾਂ ਕਹੀਆਂ ਗਈਆਂ। ਕਲ ਵੀ ਦਿੱਲੀ ਹਵਾਈ ਅੱਡੇ 'ਤੇ ਕੋਈ ਬੰਦਾ ਮੇਰੇ ਕੋਲ ਆਇਆ ਅਤੇ ਮੈਨੂੰ ਪੁਛਿਆ ਕਿ ਮੇਰੇ ਪਿਤਾ ਦੀ ਮੌਤ ਕਿਵੇਂ ਹੋਈ।

ਪਰਵਾਰ ਦੇ ਜੀਆਂ ਅਤੇ ਆਮ ਲੋਕਾਂ ਨੂੰ ਸ਼ੱਕ ਹੈ ਕਿਉਂਕਿ ਮੌਤ ਵਾਲੀਆਂ ਹਾਲਤਾਂ ਆਸਾਧਾਰਣ ਸਨ।' ਉਨ੍ਹਾਂ ਕਿਹਾ ਕਿ 1977 ਵਿਚ ਬਣਾਈ ਰਾਜ ਨਾਰਾਇਣ ਕਮੇਟੀ ਦੀ ਰੀਪੋਰਟ ਨੂੰ ਜਨਤਕ ਕੀਤਾ ਜਾਵੇ। ਇਸ ਕਮੇਟੀ ਦੀ ਕਾਇਮੀ ਸ਼ਾਸਤਰੀ ਦੀ ਰਹੱਸਮਈ ਹਾਲਤਾਂ ਵਿਚ ਹੋਈ ਮੌਤ ਦੀ ਜਾਂਚ ਲਈ ਕੀਤੀ ਗਈ ਸੀ। (ਏਜੰਸੀ)