ਸਰਕਾਰ ਨੇ ਟਰਾਂਸਪੋਰਟ ਮਾਫ਼ੀਏ ਨੂੰ ਨੱਥ ਪਾਈ : ਅਰੁਣਾ ਚੌਧਰੀ
ਪੰਜਾਬ ਦੇ ਟਰਾਂਸਪੋਰਟ ਢਾਂਚੇ ਨੂੰ ਪੁਨਰ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਵਿਭਾਗ ਨੂੰ ਅਜੇ ਹੋਰ ਸਮਾਂ ਲੱਗੇਗਾ ਕਿਉਂਕਿ ਪਿਛਲੀ ਅਕਾਲੀ ਭਾਜਪਾ...
ਕਾਹਨੂੰਵਾਨ/ਦੀਨਾਨਗਰ, ਪੰਜਾਬ ਦੇ ਟਰਾਂਸਪੋਰਟ ਢਾਂਚੇ ਨੂੰ ਪੁਨਰ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਵਿਭਾਗ ਨੂੰ ਅਜੇ ਹੋਰ ਸਮਾਂ ਲੱਗੇਗਾ ਕਿਉਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਜਿੰਨਾ ਨੁਕਸਾਨ ਟਰਾਂਸਪੋਰਟ ਵਿਭਾਗ ਨੂੰ ਹੋਇਆ ਹੈ ਸ਼ਾਇਦ ਇੰਨਾ ਨੁਕਸਾਨ ਕਿਸੇ ਹੋਰ ਵਿਭਾਗ ਨੂੰ ਨਾ ਹੋਇਆ ਹੋਵੇ। ਇਹ ਬਿਆਨ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਨੇ ਕਸਬਾ ਪੁਰਾਣਾ ਸ਼ਾਹਲਾ ਗੁਰਦਾਸਪੁਰ 'ਚ ਇਕ ਸਮਾਗਮ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਪਿਛਲੇ 10 ਸਾਲ 'ਚ ਟਰਾਂਸਪੋਰਟ ਮਹਿਕਮੇ 'ਚ ਅੰਧੇਰ ਨਗਰੀ ਦੇ ਰਾਜ ਵਾਂਗ ਹਨੇਰਗਰਦੀ ਮੱਚੀ ਰਹੀ ਪਰ ਹੁਣ ਪੰਜਾਬ ਸਰਕਾਰ ਕੋਈ ਵੀ ਗ਼ੈਰਕਨੂੰਨੀ ਬੱਸ ਸੜਕਾਂ 'ਤੇ ਨਹੀਂ ਚੱਲਣ ਦੇਵੇਗੀ। ਉਨ੍ਹਾਂ ਕਿਹਾ ਕਿ ਹੁਣ ਟਰਾਂਸਪੋਰਟ ਮਾਫੀਆ ਬਿਲਕੁਲ ਖ਼ਤਮ ਹੋ ਰਿਹਾ ਹੈ। ਅਰੁਣਾ ਚੌਧਰੀ ਨੇ ਅੱਜ ਬੇਟ ਖੇਤਰ ਦੇ ਪੁਰਾਣਾ ਸ਼ਾਹਲਾ ਦੇ ਧਾਰਮਕ ਸਥਾਨਾਂ ਨੂੰ ਜੋੜਦੀ ਅਤੇ ਪਿੰਡਾਂ ਲਈ ਵਿਸ਼ੇਸ਼ ਬੱਸ ਨੂੰ ਰਵਾਨਾ ਕੀਤਾ।
ਅੱਜ ਪੁਰਾਣਾ ਸ਼ਾਹਲਾ 'ਚ ਵਿਭਾਗ ਵਲੋਂ ਕਰਵਾਏ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਬੀਬੀ ਅਰੁਣਾ ਚੌਧਰੀ ਨੇ ਕਿਹਾ ਕਿ ਸ਼ਹਿਰਾਂ ਵਾਂਗ ਪੇਂਡੂ ਖੇਤਰ ਦੀ ਅਬਾਦੀ ਲਈ ਵੀ ਨਵੀਨਤਮ ਟਰਾਂਸਪੋਰਟ ਦੀ ਬੇਹੱਦ ਲੋੜ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਅਪਣੇ ਟਰਾਂਸਪੋਰਟ ਬੇੜੇ 'ਚ ਸੈਂਕੜੇ ਬਸਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਸੂਬੇ ਦੀ ਰਾਜਧਾਨੀ ਤੋਂ ਕਾਫੀ ਦੂਰ ਹੈ, ਇਸ ਲਈ ਚੰਡੀਗੜ੍ਹ ਲਈ ਵੀ ਜ਼ਿਲ੍ਹੇ 'ਚੋਂ ਵਿਸ਼ੇਸ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ।
ਪ੍ਰੋਗਰਾਮ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ੋਕ ਚੌਧਰੀ, ਅਭਿਨਵ ਚੌਧਰੀ, ਸੁੱਚਾ ਸਿੰਘ ਮੁਲਤਾਨੀ, ਮਾਸਟਰ ਸੁਭਾਸ਼ ਚੰਦਰ ਨੇ ਵੀ ਸਬੋਧਨ ਕੀਤਾ। ਇਸ ਮੌਕੇ ਸਰਪੰਚ ਮਲਕੀਤ ਸਿੰਘ, ਵਿਪਨ ਸ਼ਰਮਾ,ਸੁਖਵਿੰਦਰ ਸਿੰਘ ਭਿੱਲੀ, ਸੁਸ਼ੀਲ ਵਰਮਾ ਸਮੇਤ ਹੋਰ ਵੀ ਇਲਾਕੇ ਦੇ ਆਗੂ ਅਤੇ ਵਰਕਰ ਹਾਜ਼ਰ ਸਨ।