ਸੂਬੇ 'ਚ ਜਲਦ ਅੰਤਰ ਰਾਸ਼ਟਰੀ ਰੁਜ਼ਗਾਰ ਮੇਲਾ ਕਰਵਾਇਆ ਜਾਵੇਗਾ : ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਜਲਦ ਹੀ ਅੰਤਰ ਰਾਸ਼ਟਰੀ ਰੁਜ਼ਗਾਰ ਮੇਲਾ ਕਰਵਾਇਆ ਜਾਵੇਗਾ, ਜਿਸ ਬਾਰੇ ਜਲਦ ਹੀ ਮੁੱਖ ਮੰਤਰੀ ਪੰਜਾਬ ਐਲਾਨ ਕਰਨਗੇ.....

Charanjit Singh Channi ITI Inaugurating Short Term Course at Rupnagar.

ਰੂਪਨਗਰ :  ਪੰਜਾਬ ਵਿਚ ਜਲਦ ਹੀ ਅੰਤਰ ਰਾਸ਼ਟਰੀ ਰੁਜ਼ਗਾਰ ਮੇਲਾ ਕਰਵਾਇਆ ਜਾਵੇਗਾ, ਜਿਸ ਬਾਰੇ ਜਲਦ ਹੀ ਮੁੱਖ ਮੰਤਰੀ ਪੰਜਾਬ ਐਲਾਨ ਕਰਨਗੇ। ਅੱਜ ਇਥੇ ਸਥਾਨਿਕ ਆਈ.ਟੀ.ਆਈ. ਵਿਖੇ ਪਹੁੰਚੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਹੁਣ ਤਕ ਵਿਭਾਗ ਕੋਲ ਵਿਦੇਸ਼ਾਂ ਤੋਂ 10 ਹਜ਼ਾਰ ਦੇ ਕਰੀਬ ਨੌਕਰੀਆਂ ਦੀ ਪੇਸ਼ਕਸ ਆ ਚੁੱਕੀ ਹੈ, ਜਿਨ੍ਹਾਂ ਲਈ ਵਿਭਾਗ ਵਲੋਂ ਵੈਬਸਾਈਟ 'ਤੇ ਨੌਜਵਾਨਾਂ ਤੋਂ ਅਰਜ਼ੀਆਂ ਲਈਆਂ ਜਾਣਗੀਆਂ ਅਤੇ ਇਨ੍ਹਾਂ ਨੌਕਰੀਆਂ ਲਈ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ। 

ਮੰਤਰੀ ਨੇ ਦਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਨੌਜਵਾਨਾਂ ਨੂੰ ਪ੍ਰਾਈਵੇਟ ਟਰੈਵਲ ਏਜੰਟਾਂ ਦੇ ਝਮਜਟ ਤੋਂ ਬਚਾਉਣ ਲਈ ਇਕ ਵੱਡੀ ਪਹਿਲਕਦਮੀ ਹੋਵੇਗੀ। ਸ੍ਰੀ ਚੰਨੀ ਅੱਜ ਇਥੇ ਪ੍ਰਧਾਨ ਮੰਤਰੀ ਕੋਸਲ ਵਿਕਾਸ ਯੋਜਨਾ ਤਹਿਤ ਸਰਕਾਰੀ ਸੰਸਥਾਵਾਂ ਵਿਚ ਸਾਰਟ ਟਰਮ ਕੋਰਸ ਦਾ ਉਦਘਾਟਨ ਕਰਨ ਹਿੱਤ ਆਏ ਹੋਏ ਸਨ। ਇਹ ਕੋਰਸ ਪਹਿਲਾਂ ਰਾਜ ਦੀਆਂ  ਪ੍ਰਾਈਵੇਟ ਆਈ.ਟੀ.ਆਈਜ ਵਿਚ ਕਰਵਾਇਆ ਜਾ ਰਿਹਾ ਸੀ ਅਤੇ ਹੁਣ ਇਸ ਨੂੰ ਸਰਕਾਰੀ ਸੰਸਥਾਵਾਂ ਵਿਚ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਨੋਜਵਾਨ ਬਿਨਾ ਕਿਸੇ ਖ਼ਰਚ ਤੋਂ ਇਹ ਕੋਰਸ ਕਰ ਸਕਣ।

ਉਨ੍ਹਾ ਦੱਸਿਆ ਕਿ ਅਜਿਹੇ ਕਿੱਤਾ ਮੁੱਖੀ ਸਾਰਟ ਟਰਮ ਕੋਰਸ ਰਾਜ ਭਰ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਅਗਲੇ ਦਿਨਾਂ ਦੌਰਾਨ ਸੁਰੂ ਹੋ ਜਾਣਗੇ। ਇਸ ਮੌਕੇ ਸਕੱਤਰ ਡੀ.ਕੇ. ਤਿਵਾੜੀ, ਐਸ.ਡੀ.ਐਮ. ਰੂਪਨਗਰ ਸ੍ਰੀਮਤੀ ਹਰਜੋਤ ਕੌਰ, ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ ਅਤੇ ਨੈਨਸੀ ਗੋਇਲ ਬਲਾਕ ਥਮੈਟਿਕ ਮੈਨੇਜਰ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਬਲਬੀਰ ਸਿੰਘ ਅਤੇ  ਮੁੱਖ ਅਧਿਆਪਕ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਸਤਪਾਲ ਹਾਜ਼ਰ ਸਨ।