ਸਬ-ਰਜਿਸਟਰਾਰ ਦਫ਼ਤਰਾਂ ਵਿਚ ਆਨਲਾਈਨ ਰਜਿਸਟਰੀਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਹੋਰ ਸੌਖ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਨੈਸ਼ਨਲ ਜੈਨੇਰਿਕ.....

Started Online registration At Sub-Registrar Offices

ਲੁਧਿਆਣਾ : ਸੂਬੇ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਹੋਰ ਸੌਖ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਨੈਸ਼ਨਲ ਜੈਨੇਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਸਾਰੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਰਜਿਸਟਰੀਆਂ ਆਨਲਾਈਨ ਹੋਇਆ ਕਰਨਗੀਆਂ ਅਤੇ ਰਜਿਸਟਰੀ ਲਈ ਅਪਾਇੰਟਮੈਂਟ ਵੀ ਆਨਲਾਈਨ ਹੀ ਮਿਲਿਆ ਕਰੇਗੀ। 

ਅੱਜ ਇਸ ਸਹੂਲਤ ਦਾ ਸਥਾਨਕ ਟਰਾਂਸਪੋਰਟ ਨਗਰ ਸਥਿਤ ਸਬ-ਰਜਿਸਟਰਾਰ ਦਫ਼ਤਰ (ਲੁਧਿਆਣਾ ਪੂਰਬੀ) ਵਿਖੇ ਉਦਘਾਟਨ ਸ੍ਰੀ ਸੁਰਿੰਦਰ ਕੁਮਾਰ ਡਾਬਰ ਅਤੇ ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ) ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਐੱਸ. ਡੀ. ਐੱਮ. ਸ੍ਰ. ਅਮਰਜੀਤ ਸਿੰਘ ਬੈਂਸ, ਸਬ-ਰਜਿਸਟਰਾਰ ਸ੍ਰ. ਜਗਸੀਰ ਸਿੰਘ ਸਰਾਂ ਅਤੇ ਹੋਰ ਵੀ ਹਾਜ਼ਰ 

ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਡਾਬਰ ਅਤੇ ਸ੍ਰੀ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਨ੍ਹਾ ਖੱਜਲ ਖੁਆਰੀ ਤੋਂ ਪੂਰਨ ਪਾਰਦਰਸ਼ਤਾ ਨਾਲ ਸੇਵਾਵਾਂ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸਰਕਾਰ ਵੱਲੋਂ ਸਾਰੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਰੇ ਕੰਮ ਪਹਿਲਾਂ ਨਾਲੋਂ ਸੁਖਾਲੇ ਹੋ ਰਹੇ ਹਨ। ਇਸ ਨਵੇਂ ਸਿਸਟਮ ਨਾਲ ਲੋਕਾਂ ਨੂੰ ਰਜਿਸਟਰੇਸ਼ਨ ਕੰਮ ਲਈ ਵਾਰ-ਵਾਰ ਸਬ-ਰਜਿਸਟਰਾਰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਰਜਿਸਟਰੀ ਦੇ ਭਾਅ, ਫੀਸ ਅਤੇ ਹੋਰ ਪ੍ਰਕਿਰਿਆ ਲਈ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਵੀ ਨਹੀਂ ਰਹੇਗੀ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਸਾਰੇ ਪਟਵਾਰੀਆਂ ਨੂੰ ਹਦਾਇਤ ਜਾਰੀ ਕਰਨ ਕਿ ਉਹ ਸੁਵਿਧਾ ਕੇਂਦਰ (ਆਟੋਮੇਟਿਕ ਡਰਾਈਵਿੰਗ ਟੈਸਟ ਟਰੈਕ) ਵਿਖੇ ਹੀ ਬੈਠਣ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ। 

ਇਸੇ ਤਰ੍ਹਾਂ ਹਲਕਾ ਗਿੱਲ ਤੋਂ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਵੱਲੋਂ ਵੀ ਸਬ-ਰਜਿਸਟਰਾਰ ਦਫ਼ਤਰ ਲੁਧਿਆਣਾ ਦੱਖਣੀ ਵਿਖੇ ਰਜਿਸਟਰੀਆਂ ਦੀ ਆਨ ਲਾਈਨ ਸਹੂਲਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੁਣ ਲੋਕ ਜ਼ਮੀਨ ਦੀ ਰਜਿਸਟਰੀ ਲਈ ਘਰ ਬੈਠੇ ਹੀ ਕਿਸੇ ਵੀ ਵੇਲੇ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰ ਸਕਣਗੇ।

ਸ੍ਰੀ ਅਗਰਵਾਲ ਨੇ ਕਿਹਾ ਕਿ ਪਹਿਲਾਂ ਦੇਖਣ ਵਿੱਚ ਆਉਂਦਾ ਸੀ ਕਿ ਰਜਿਸਟਰੀਆਂ ਲਈ ਪਾਏ ਜਾਂਦੇ ਗਵਾਹ ਬਾਅਦ ਵਿੱਚ ਮੁਕਰ ਜਾਇਆ ਕਰਦੇ ਸਨ ਪਰ ਹੁਣ ਇਸ ਸਿਸਟਮ ਨਾਲ ਖਰੀਦਦਾਰ, ਵੇਚਦਾਰ ਅਤੇ ਗਵਾਹਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਲੱਗਿਆ ਕਰੇਗੀ। ਜਿਸ ਨਾਲ ਉਹ ਮੁਕਰ ਨਹੀਂ ਸਕਣਗੇ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਲਦ ਹੀ ਇਸ ਸਿਸਟਮ ਨਾਲ ਪੰਜਾਬ ਲੈਂਡ ਰਿਕਾਰਡ ਸਿਸਟਮ ਵਿੱਚ ਦਰਜ ਡਾਟਾ ਵੀ ਸਾਂਝਾ ਕਰ ਦਿੱਤਾ ਜਾਵੇਗਾ ਤਾਂ ਜੋ ਗਲਤ ਰਜਿਸਟਰੀਆਂ ਹੋਣ ਦਾ ਕੰਮ ਵੀ ਮੁਕੰਮਲ ਬੰਦ ਹੋ ਜਾਵੇ।