ਕੈਪਟਨ ਨੇ ਫ਼ੌਜੀ ਜਵਾਨਾਂ ਨਾਲ ਭੰਗੜਾ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਰੈਜੀਮੈਂਟ ਨਾਲ ਪਟਿਆਲਾ ਪਰਵਾਰ ਦੇ 100 ਸਾਲਾ ਸਬੰਧਾਂ ਦਾ ਸਮਾਗਮ ਮਨਾਇਆ

Celebrating 100 years of the Patiala family’s association with battalion and Army

ਚੰਡੀਗੜ੍ਹ : ਸਿੱਖ ਰੈਜੀਮੈਂਟ ਨਾਲ ਆਪਣੇ ਪਰਵਾਰ ਦੇ ਸਬੰਧਾਂ ਦੇ ਜਸ਼ਨ ਮਨਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲੀਅਨ ਅਤੇ ਭਾਰਤੀ ਫੌਜ ਨਾਲ ਪਟਿਆਲਾ ਪਰਿਵਾਰ ਦੇ 100 ਸਾਲਾਂ ਤੋਂ ਚਲੇ ਆ ਰਹੇ ਸਬੰਧਾਂ ਦੇ ਸੰਦਰਭ ਵਿੱਚ ਪਿਛਲੀ ਸ਼ਾਮ ਰੈਜੀਮੈਂਟ ਦੇ ਜਵਾਨਾਂ, ਜੂਨੀਅਰ ਕਮਿਸ਼ਨਡ ਅਫ਼ਸਰਾਂ ਅਤੇ ਅਫ਼ਸਰਾਂ ਦੀ ਮੇਜ਼ਬਾਨੀ ਕੀਤੀ। 

ਸਨਿਚਰਵਾਰ ਸ਼ਾਮ ਚੰਡੀਮੰਦਰ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਵਾਨਾਂ ਦੇ ਨਾਲ ਜਸ਼ਨ ਮਨਾਏ ਅਤੇ ਕੁਝ ਸਮੇਂ ਲਈ ਉਨ੍ਹਾਂ ਦੇ ਨਾਲ ਭੰਗੜਾ ਵੀ ਪਾਇਆ। ਉਹ ਜੇ.ਸੀ.ਓ. ਮੈੱਸ ਗਏ ਅਤੇ ਬਾਅਦ ਵਿੱਚ ਅਫ਼ਸਰ ਮੈੱਸ ਵਿਖੇ ਅਫ਼ਸਰਾਂ ਅਤੇ ਮਹਿਮਾਨਾਂ ਦੇ ਨਾਲ ਰਾਤਰੀ ਭੋਜ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਜਵਾਨਾਂ ਅਤੇ ਉਨਾਂ ਦੇ ਪਰਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਪਲ ਸਾਂਝੇ ਕੀਤੇ। ਮੁੱਖ ਮੰਤਰੀ ਸਿੱਖ ਨੇ ਰੈਜੀਮੈਂਟ (ਕਿਸੇ ਸਮੇਂ 15 ਲੁਧਿਆਣਾ ਸਿੱਖਜ਼) ਦੀ ਦੂਜੀ ਬਟਾਲੀਅਨ ਦੇ ਮੈਂਬਰਾਂ ਨਾਲ ਖੁੱਲੇ ਰੂਪ ’ਚ ਆਪਣਾ ਇਕ-ਇਕ ਪਲ ਬਿਤਾਇਆ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਵਾਰ ਲਈ ਬਹੁਤ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਭਾਰਤੀ ਫ਼ੌਜ ਵਿਚ ਇਕ ਫ਼ੌਜੀ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਉਨਾਂ ਕਿਹਾ ਕਿ ਫ਼ੌਜ ਉਨ੍ਹਾਂ ਦਾ ਪਹਿਲਾ ਪਿਆਰ ਹੈ ਅਤੇ ਇਹ ਹਮੇਸ਼ਾ ਹੀ ਬਣਿਆ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫ਼ੌਜ ਲਗਾਤਾਰ ਉਨ੍ਹਾਂ ਨੂੰ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਕੈਪਟਨ ਨੇ 1963 ਤੋਂ 1969 ਤਕ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿਚ ਸੇਵਾ ਨਿਭਾਈ। ਭਾਵੇਂ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਕਾਰਨ ਕੁਝ ਸਮੇਂ ਬਾਅਦ ਹੀ ਫ਼ੌਜ ਦੀ ਨੌਕਰੀ ਛੱਡ ਦਿੱਤੀ ਪਰ ਉਹ 1965 ਵਿਚ ਸ਼ੁਰੂ ਹੋਈ ਭਾਰਤ-ਪਾਕਿਸਤਾਨ ਜੰਗ ਵੇਲੇ ਮੁੜ ਫ਼ੌਜ ਵਿਚ ਆ ਗਏ। 

ਇਸ ਤੋਂ ਪਹਿਲਾਂ 1935 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਲੈਫ਼ਟੀਨੈਂਟ ਜਨਰਲ ਮਹਾਰਾਜਾ ਯਾਦਵਿੰਦਰ ਸਿੰਘ ਨੇ ਰੈਜੀਮੈਂਟ ਦੀ ਸੇਵਾ ਕੀਤੀ ਅਤੇ ਉਹ 2/11 ਰੋਇਲ ਸਿੱਖ ਅਤੇ 2 ਸਿੱਖਜ਼ ਦੇ ਲੜੀਵਾਰ 1938 ਤੋਂ 1950 ਅਤੇ 1950 ਤੋਂ 1971 ਤੱਕ ਕਰਨਲ ਰਹੇ।

ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਮੇਜਰ ਜਨਰਲ ਮਹਾਰਾਜਾ ਭੂਪਿੰਦਰ ਸਿੰਘ 1918 ਤੋਂ 1922 ਤੱਕ 15ਵੀਂ ਲੁਧਿਆਣਾ ਸਿੱਖਜ਼ ਦੇ ਕਰਨਲ ਅਤੇ 1922 ਤੋਂ 1938 ਤੱਕ 2/11 ਰੋਇਲ ਸਿੱਖਜ਼ ਦੇ ਕਰਨਲ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਇਕ ਚਾਂਦੀ ਦਾ ਮੋਮੈਂਟੋ ਬਟਾਲੀਅਨ ਨੂੰ ਦਿੱਤਾ, ਜਿਸ 'ਚ ਸਿੱਖ ਰੈਜੀਮੈਂਟ ਦਾ ਇਕ ਫ਼ੌਜੀ ਲੜਦਾ ਹੋਇਆ ਵਿਖਾਇਆ ਗਿਆ ਹੈ।

ਇਸ ਨੂੰ ਅਫ਼ਸਰ ਮੈੱਸ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਉਨਾਂ ਦੇ ਭਰਾ ਮਾਲਵਿੰਦਰ ਸਿੰਘ, ਉਨ੍ਹਾਂ ਦੀ ਭੈਣ ਅਤੇ ਭਣੋਈਆ ਹੇਮਿੰਦਰ ਕੌਰ, ਉਨ੍ਹਾਂ ਦੇ ਪਤੀ ਕੇ. ਨਟਵਰ ਸਿੰਘ ਅਤੇ ਰੂਪਇੰਦਰ ਕੌਰ, ਉਨਾਂ ਦੇ ਪਤੀ ਮੇਜਰ ਕੇ.ਐਸ. ਢਿੱਲੋਂ (ਆਰਮਰਡ ਕੋਰ) ਤੋਂ ਇਲਾਵਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਉਨਾਂ ਦੀ ਧੀ ਜੈ ਇੰਦਰ ਕੌਰ ਅਤੇ ਦੋਹਤਾ ਨਿਰਵਾਣ ਸਿੰਘ ਹਾਜ਼ਰ ਸਨ।