ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਹੰਗਾਮਾ
ਮਨਪ੍ਰੀਤ ਬਾਦਲ ਦੀ ਰਿਹਾਇਸ਼ ਘੇਰਨ ਆਏ ਵਿਰੋਧੀ ਧਿਰ ਦੇ ਨੇਤਾ ਤਿੰਨ ਵਿਧਾਇਕਾਂ ਸਣੇ ਗ੍ਰਿਫ਼ਤਾਰ
ਚੰਡੀਗੜ੍ਹ, 22 ਜੂਨ (ਗੁਰਉਪਦੇਸ਼ ਭੁੱਲਰ): ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਪੰਜਾਬ ਸਰਕਾਰ ਵਲੋਂ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਮੁੱਖ ਵਿਰੋਧੀ ਪਾਰਟੀ ‘ਆਪ’ ਵਲੋਂ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੈਕਟਰ-2 ਸਥਿਤ ਸਰਕਾਰੀ ਰਿਹਾਇਸ਼ ਦਾ ਘਿਰਾਉ ਕਰਨ ਦਾ ਯਤਨ ਕੀਤਾ ਗਿਆ ਪਰ ਪਹਿਲਾਂ ਹੀ ਚੌਕਸ ਪੁਲਿਸ ਨੇ ਇਸ ਕਾਰਵਾਈ ਨੂੰ ਬਲ ਪੂਰਵਕ ਅਸਫ਼ਲ ਬਣਾਉਂਦਿਆਂ ਘਿਰਾਉ ਲਈ ਆਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਤਿੰਨ ਹੋਰ ‘ਆਪ’ ਵਿਧਾਇਕਾਂ ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ ਤੇ ਜੈ ਕਿਸ਼ਨ ਰੋੜੀ ਨੂੰ ਹਿਰਾਸਤ ਵਿਚ ਲੈ ਕੇ ਗ੍ਰਿਫ਼ਤਾਰੀ ਬਾਅਦ ਥਾਣੇ ਪਹੁੰਚਾ ਦਿਤਾ।
‘ਆਪ’ ਵਿਧਾਇਕ ਬੜੇ ਹੀ ਗੁਪਤ ਤਰੀਕੇ ਨਾਲ ਬਾਅਦ ਦੁਪਹਿਰ ਸਖ਼ਤ ਗਰਮੀ ਦੇ ਬਾਵਜੂਦ ਮੁੱਖ ਮੰਤਰੀ ਦੀ ਕੋਠੀ ਨੇੜੇ ਸਥਿਤ ਵਿੱਤ ਮੰਤਰੀ ਦੀ ਸਰਕਾਰੀ ਰਿਹਾਇਸ਼ ਨੂੰ ਘੇਰਨ ਦੇ ਇਰਾਦੇ ਨਾਲ ਪਹੁੰਚੇ ਸਨ ਪਰ ਚੰਡੀਗੜ੍ਹ ਪੁਲਿਸ ਨੇ ਧੱਕਾ ਮੁੱਕੀ ਤੇ ਹੱਥੋਪਾਈ ਦੇ ਚਲਦਿਆਂ ਇਨ੍ਹਾਂ ਨੂੰ ਮਨਾਹੀ ਦੇ ਹੁਕਮਾਂ ਦਾ ਉਲੰਘਣਾ ਕਰ ਕੇ ਰੋਸ ਪ੍ਰਦਰਸ਼ਨ ਕਰਨ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲਿਆ ਹੈ।
ਹੋਰ ਵਰਕਰ ਵੀ ਚੰਡੀਗੜ੍ਹ ਪੁੱਜੇ ਸਨ ਪਰ ਵਿਧਾਇਕਾਂ ਦੇ ਕਾਬੂ ਆ ਜਾਣ ਬਾਅਦ ਐਕਸ਼ਨ ਧਰਿਆ ਧਰਾਇਆ ਰਹਿ ਗਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬਠਿੰਡਾ ਥਰਮਲ ਦੀਆਂ ਚਿਮਨੀਆਂ ਵਿਚੋਂ ਮੁੜ ਧੂੰਆਂ ਕੱਢ ਕੇ ਇਸ ਨੂੰ ਚਾਲੂ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਾਅਦੇ ਦੇ ਉਲਟ ਵਿੱਤ ਮੰਤਰੀ ਨੇ ਸਲਾਹ ਦੇ ਕੇ ਇਸ ਨੂੰ ਬੰਦ ਕਰਵਾ ਦਿਤਾ ਜਿਸ ਨਾਲ ਹਜ਼ਾਰਾਂ ਕਾਮਿਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਤਾਂ ਇਹ ਥਰਮਲ ਚਾਲੂ ਕੀਤਾ ਜਾ ਸਕਦਾ ਸੀ।
ਵਿਰੋਧ ਦੇ ਬਾਵਜੂਦ ਮੰਤਰੀ ਮੰਡਲ ਨੇ ਕੀਤਾ ਫ਼ੈਸਲਾ
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਅੱਜ ਕੀਤੇ ਵਿਰੋਧ ਦੇ ਬਾਵਜੂਦ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਬਾਰੇ ਮੰਤਰੀ ਮੰਡਲ ਨੇ ਪੁਡਾ ਨੂੰ ਇਸ ਦੀ 1764 ਏਕੜ ਜ਼ਮੀਨ ਸੌਂਪਣ ਦਾ ਫ਼ੈਸਲਾ ਕਰ ਕੇ ਇਸ ਦੇ ਬੰਦ ਹੋਣ ’ਤੇ ਪੱਕੀ ਮੋਹਰ ਲਾ ਦਿਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਸਾਰੇ ਤੱਥਾਂ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਬਾਅਦ ਪੁਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਅਤੇ ਵੇਚੇ ਜਾਣ ਸਬੰਧੀ ਸੂਬੇ ਦੀ ਗਰੰਟੀ ਨਾਲ 100 ਕਰੋੜ ਰੁਪਏ ਤਕ ਦਾ ਕਰਜ਼ਾ ਚੁਕਣ ਦੀ ਪ੍ਰਵਾਨਗੀ ਦੇ ਦਿਤੀ ਹੈ।
ਇਸ ਥਾਂ ਨੂੰ ਵਿਕਸਿਤ ਕਰਨ ਲਈ ਖਾਕਾ ਤਿਆਰ ਕਰਨ ਲਈ ਇਕ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਸੀ। ਇਸ ਵਲੋਂ ਬੰਦ ਥਰਮਲ ਦੀ ਜ਼ਮੀਨ ਕਲੋਨੀ ਵਾਲੇ 280 ਏਕੜ ਖੇਤਰ ਨੂੰ ਛੱਡ ਕੇ 80:20 ਫ਼ੀ ਸਦੀ ਮੁਨਾਫ਼ਾ ਹਿੱਸੇਦਾਰੀ ਦੀ ਯੋਜਨਾ ਤਹਿਤ ਬਾਕੀ ਜ਼ਮੀਨ ਨੂੰ ਵਿਕਸਤ ਤੇ ਵਿਕਰੀ ਕਰਨ ਲਈ ਪੁਡਾ ਨੂੰ ਸੌਂਪੇ ਜਾਣ ਦਾ ਮਤਾ ਪਹਿਲਾਂ ਹੀ ਪਾਸ ਕੀਤਾ ਜਾ ਚੁਕਾ ਹੈ।