ਜਲੰਧਰ ਦੇ ਇਕ ਹੋਰ ਨੌਜਵਾਨ ਦੀ ਕੈਨੇਡਾ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਚ ਵਿਚ ਡੁੱਬਣ ਨਾਲ ਹੋਈ ਮੌਤ

File Photo

ਜਲੰਧਰ, 22 ਜੂਨ (ਲਖਵਿੰਦਰ ਸਿੰਘ ਲੱਕੀ): ਜਲੰਧਰ ਵਾਸੀ ਹਾਲੇ ਕੱੁਝ ਦਿਨ ਪਹਿਲਾਂ ਸੱਤ ਕਰਤਾਰ ਨਗਰ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਚ ਹੋਈ ਮੌਤ ਦੇ ਮਾਮਲੇ ਨੂੰ ਅਪਣੇ ਦਿਲਾਂ ਵਿਚੋਂ ਕੱਢ ਵੀ ਨਹੀਂ ਸਕੇ ਸਨ ਕਿ ਸੋਮਵਾਰ ਨੂੰ ਇਕ ਹੋਰ ਨੌਜਵਾਨ ਦੀ ਮੌਤ ਦੀ ਖ਼ਬਰ ਆ ਗਈ। ਸੱਤ ਕਰਤਾਰ ਨਗਰ ਦੇ ਬਿਲਕੁਲ ਸਾਹਮਣੇ ਸਥਿਤ ਵਰਿਆਮ ਨਗਰ ਵਾਸੀ ਇਕ ਹੋਰ ਨੌਜਵਾਨ ਦੀ ਕੈਨੇਡਾ ਦੇ ਬੀਚ ਵਿਚ ਡੁੱਬਣ ਨਾਲ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਅਪਣੇ ਦੋਸਤਾਂ ਨਾਲ ਘੁੰਮਣ ਲਈ ਉੱਥੇ ਗਿਆ ਹੋਇਆ ਸੀ। 

ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਮਲੋਟ ਦੇ 22 ਸਾਲਾ ਇਕ ਨੌਜਵਾਨ ਸਿਧਾਰਥ ਅਸੀਜਾ ਦੀ ਵੀ ਕੈਨੇਡਾ ਵਿਚ ਹੀ ਦੋਸਤਾਂ ਨਾਲ ਬੀਚ ਵਿਚ ਡੁੱਬਣ ਕਾਰਨ ਹੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਵਾਸੀ ਵਰਿਆਮ ਨਗਰ ਦਾ ਪੁੱਤਰ ਅਮਰਪ੍ਰੀਤ ਸਿੰਘ ਜੋ ਕਿ ਦਸੰਬਰ 2018 ਵਿਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿਚ ਸਥਿਤ ਲਾਸਾਲੇ ਕਾਲਜ ਵਿਚ ਸਟੱਡੀ ਵੀਜ਼ਾ ਉਤੇ ਗਿਆ ਸੀ। ਬੀਤੇ ਦਿਨੀਂ ਬੀਚ ਉਤੇ ਨਹਾਉਂਦੇ ਸਮੇਂ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਉਹ ਕਾਲਜ ਵਿਚ ਛੁੱਟੀ ਹੋਣ ਕਾਰਨ ਅਪਣੇ ਦੋਸਤਾਂ ਨਾਲ ਬੀਚ ਉਤੇ ਘੁੰਮਣ ਗਿਆ ਸੀ।

ਜਦੋਂ ਉਹ ਨਹਾਉਣ ਲੱਗੇ ਤਾਂ ਅਮਰਪ੍ਰੀਤ ਸਿੰਘ ਗਹਿਰੇ ਪਾਣੀ ਦੇ ਅੰਦਰ ਚਲਾ ਗਿਆ ਜਿਸ ਵਿਚੋਂ ਬਾਹਰ ਨਿਕਲਣਾ ਉਸ ਲਈ ਮੁਸ਼ਕਿਲ ਹੋ ਗਿਆ। ਹਾਲਾਂਕਿ ਅਮਰਪ੍ਰੀਤ ਤੈਰਾਕੀ ਜਾਣਦਾ ਸੀ ਪਰ ਫਿਰ ਵੀ ਵਹਾਅ ਜ਼ਿਆਦਾ ਹੋਣ ਕਾਰਨ ਬਚ ਨਹੀਂ ਸਕਿਆ।  ਅਮਰਪ੍ਰੀਤ ਸਿੰਘ ਦੇ ਘਰ ਵਾਲਿਆਂ ਨੂੰ ਇਸ ਦੀ ਸੂਚਨਾ ਉਸ ਦੇ ਨਾਲ ਗਏ ਦੋਸਤਾਂ ਦੇ ਪਰਵਾਰ ਵਾਲਿਆਂ ਵਲੋਂ ਦਿਤੀ ਗਈ। ਕੈਨੇਡਾ ਵਿਚ ਹੀ ਪੜ੍ਹਦੀ ਉਸ ਦੀ ਮਾਸੀ ਦੀ ਲੜਕੀ ਮੌਕੇ ਉਤੇ ਪਹੁੰਚੀ। ਜਿੱਦਾਂ ਹੀ ਪਰਵਾਰ ਵਾਲਿਆਂ ਨੂੰ ਅਮਨਪ੍ਰੀਤ ਦੀ ਮੌਤ ਦੀ ਸੂਚਨਾ ਮਿਲੀ, ਉਸ ਦੇ ਘਰ ਵਿਚ ਚੀਕ-ਚਿਹਾੜਾ ਮੱਚ ਗਿਆ ਅਤੇ ਉਸ ਦੀ ਮਾਂ ਅੰਜਨਾ, ਪਿਤਾ ਸੁਖਜੀਤ ਸਿੰਘ, ਦਾਦੀ ਤੇ ਉਸ ਦੇ ਛੋਟੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਮਾਂ ਅੰਜਨਾ ਜਿਸ ਨੇ ਬੜੀਆਂ ਹੀ ਰੀਝਾਂ ਨਾਲ ਅਪਣੇ ਪੁੱਤਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ, ਇਹ ਮੰਣਨ ਨੂੰ ਤਿਆਰ ਹੀ ਨਹੀਂ ਕਿ ਉਸ ਦਾ ਪੁੱਤਰ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਮਾਂ ਦਾ ਵਿਰਲਾਪ ਦੇਖ ਕੇ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਆਏ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪਰਵਾਰ ਵਾਲੇ ਹੁਣ ਅਮਰਪ੍ਰੀਤ ਸਿੰਘ ਦੀ ਦੇਹ ਜਲੰਧਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।