ਦਲਜੀਤ ਦੁਸਾਂਝ ਨੇ ਬਿੱਟੂ ਨੂੰ ਦਿਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਭਾਰਤ ਸਰਕਾਰ ਦੇ ਸੈਂਸਰ ਬੋਰਡ ਵਲੋਂ ਪਾਸ ਹੈ ਫ਼ਿਲਮ 'ਪੰਜਾਬ 1984'

1

ਚੰਡੀਗੜ੍ਹ, 23 ਜੂਨ (ਗੁਰਉਪਦੇਸ਼ ਭੁੱਲਰ) : ਅੰਦਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਅਤੇ ਫ਼ਿਲਮ ਅਦਾਕਾਰ ਦਲਜੀਤ ਦੁਸਾਂਝ ਨੇ ਅੱਜ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਉਨ੍ਹਾਂ ਦੀ ਫ਼ਿਲਮ ਪੰਜਾਬ 1984 ਵਿਚ ਗਾਏ ਗਾਣੇ ਰੰਗਰੂਟ ਉਪਰ ਇਤਰਾਜ਼ ਉਠਾ ਕੇ ਉਸ ਨੂੰ ਖ਼ਾਲਿਸਤਾਨੀ ਦਸਣ ਬਾਰੇ ਅਪਣਾ ਪੱਖ ਪੇਸ਼ ਕਰਦਿਆਂ ਬੜੀ ਹਲੀਮੀ ਨਾਲ ਜੁਆਬ ਦਿਤਾ ਹੈ। ਦੁਸਾਂਝ ਨੇ ਅੱਜ ਅਪਣੇ ਸ਼ੋਸ਼ਲ ਮੀਡੀਆ ਮੰਚ ਰਾਹੀਂ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ 'ਪੰਜਾਬ 1984' ਫ਼ਿਲਮ 2014 ਵਿਚ ਭਾਰਤ ਸਰਕਾਰ ਦੇ ਸੈਂਸਰ ਬੋਰਡ ਵਲੋਂ ਪਾਸ ਹੈ। ਇਸ ਦੇ ਸਾਰੇ ਗੀਤ ਅਤੇ ਸੀਨ ਪਾਸ ਹੋਣ ਬਾਅਦ ਹੀ ਫ਼ਿਲਮ ਰਿਲੀਜ਼ ਹੁੰਦੀ ਹੈ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ਹੈ ਤਾਂ 6 ਸਾਲ ਬਾਅਦ ਗੀਤ ਨੂੰ ਲੈ ਕੇ ਵਿਵਾਦ ਕਿਉਂ ਖੜ੍ਹਾ ਕੀਤਾ ਜਾ ਰਿਹਾ ਹੈ? ਇਸ ਬਾਰੇ ਪਰਚਾ ਦਰਜ ਕਿਵੇਂ ਹੋ ਸਕਦਾ ਹੈ? ਦੁਸਾਂਝ ਨੇ ਬਿੱਟੂ ਨੂੰ 'ਸਰ' ਕਹਿ ਕੇ ਸੰਬੋਧਨ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਕੋਈ ਗ਼ਲਤ ਫ਼ਹਿਮੀ ਹੋਈ ਹੈ, ਜਿਸ ਨੂੰ ਦੂਰ ਕਰਨਾ ਚਾਹੀਦਾ ਹੈ।



ਕਾਂਗਰਸੀ ਨੇਤਾ ਨੇ ਦੁਸਾਂਝ ਦਾ ਪੱਖ ਲਿਆ

ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਲਜੀਤ ਦੁਸਾਂਝ ਨੂੰ ਇਕ ਗਾਣੇ ਦੇ ਅਧਾਰ 'ਤੇ ਖ਼ਾਲਿਸਤਾਨੀ ਤਕ ਕਹਿ ਦਿਤਾ ਹੈ, ਉਥੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਨਸਪ ਦੇ ਚੇਅਰਪਰਸਨ ਤੇਜਿੰਦਰ ਸਿੰਘ ਬਿੱਟੂ ਖੁਲ੍ਹ ਕੇ ਦਲਜੀਤ ਦੇ ਸਮਰਥਨ ਵਿਚ ਆ ਗਏ ਹਨ। ਉਨ੍ਹਾਂ ਰਵਨੀਤ ਬਿੱਟੂ ਨੂੰ ਸਲਾਹ ਦਿਤੀ ਕਿ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦਲਜੀਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਨੇ ਅਪਣੀ ਕਲਾ ਅਤੇ ਗੀਤਾਂ ਰਾਹੀਂ ਪੂਰੀ ਦੁਨੀਆਂ ਵਿਚ ਪੰਜਾਬੀਆਂ ਦਾ ਨਾਮ ਉੱਚਾ ਕਰ ਕੇ ਪ੍ਰਸਿੱਧੀ ਖੱਟੀ ਹੈ।