ਜਾਖੜ ਵਲੋਂ ਖੇਤੀ ਬਾਰੇ ਕੇਂਦਰੀ ਆਰਡੀਨੈਂਸਾਂ ਵਿਰੁਧ ਪਿੰਡ ਪਧਰੀ ਮੁਹਿੰਮ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਮੰਤਰੀਆਂ ਦੀ ਮੌਜੂਦਗੀ 'ਚ ਵਿਧਾਇਕਾਂ ਨਾਲ ਮੁੜ ਕੀਤੀ ਮੀਟਿੰਗ

1

ਚੰਡੀਗੜ੍ਹ, 23 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਨਾਲ ਜੁੜੇ 3 ਆਰਡੀਨੈਂਸਾਂ ਵਿਰੁਧ ਅੰਦੋਲਨ ਹੋਰ ਭਖਾਉਣ ਜਾ ਰਹੀ ਹੈ। ਅੱਜ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਥੇ 5 ਮੰਤਰੀਆਂ ਦੀ ਮੌਜੂਦਗੀ ਵਿਚ ਮੁੜ ਵਿਧਾਇਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਖੇਤੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਮੰਤਰੀਆਂ ਤੇ ਵਿਧਾਇਕਾਂ ਨੂੰ ਕਿਹਾ ਕਿ ਇਹ ਆਰਡੀਨੈਂਸ ਪੰਜਾਬ ਦੀ ਕਿਸਾਨੀ ਤੇ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਹਨ ਜਿਨ੍ਹਾਂ ਵਿਰੁਧ ਪਿੰਡ ਪੱਧਰ 'ਤੇ ਪੰਚਾਂ, ਸਰਪੰਚਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਆਦਿ ਨੂੰ ਨਾਲ ਲੈ ਕੇ ਘਰ-ਘਰ ਤਕ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਪਰਦਾਫ਼ਾਸ਼ ਕੀਤਾ ਜਾਵੇ।


ਇਸ ਮੀਟਿੰਗ ਵਿਚ ਸ਼ਾਮਲ ਮੰਤਰੀਆਂ ਵਿਚੋਂ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਜੈਇੰਦਰ ਸਿੰਗਲਾ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ ਦੇ ਨਾਲ ਜਿਹੜੇ ਵਿਧਾਇਕ ਮੌਜੂਦ ਸਨ ਉਨ੍ਹਾਂ ਵਿਚ ਨਵਤੇਜ ਸਿੰਘ ਚੀਮਾ, ਗੁਰਪ੍ਰੀਤ ਸਿੰਘ ਜੀ.ਪੀ., ਹਰਪ੍ਰਤਾਪ ਸਿੰਘ ਅਜਨਾਲਾ, ਇੰਦੂ ਬਾਲਾ, ਬਰਿੰਦਰਮੀਤ ਸਿੰਘ ਪਾਹੜਾ, ਅੰਗਦ ਸਿੰਘ, ਸੰਤੋਖ ਸਿੰਘ, ਪਵਨ ਆਦੀਆ, ਦਰਸ਼ਨ ਲਾਲ ਮਾਂਗੇਪੁਰ, ਬਲਵਿੰਦਰ ਸਿੰਘ ਲਾਡੀ ਦੇ ਨਾਂ ਜ਼ਿਕਰਯੋਗ ਹੈ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵੀ ਮੀਟਿੰਗ ਵਿਚ ਮੌਜੂਦ ਰਹੇ। ਜਾਖੜ ਨੇ ਕਿਹਾ ਕਿ ਪਾਰਟੀ ਪੰਜਾਬ ਵਿਚ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁਧ ਜ਼ੋਰਦਾਰ ਲਾਮਬੰਦੀ ਕਰਨ ਨਾਲ ਲੋਕ ਸਭਾ ਵਿਚ ਵੀ ਸੈਸ਼ਨ ਦੌਰਾਨ ਪੂਰੀ ਮਜ਼ਬੂਤੀ ਨਾਲ ਆਵਾਜ਼ ਚੁਕੇਗੀ। ਉਨ੍ਹਾਂ ਕਿਹਾ ਕਿ ਕਿਸਾਨੀ ਦੇ ਇਨ੍ਹਾਂ ਮੁੱਦਿਆਂ 'ਤੇ ਹੋਰ ਪਾਰਟੀਆਂ ਨੂੰ ਵੀ ਇਕਜੁਟ ਕਰਨ ਦੇ ਯਤਨ ਕਾਂਗਰਸ ਕਰ ਰਹੀ ਹੈ। ਇਸੇ ਲਈ 24 ਜੂਨ ਦੀ ਸਰਬ ਪਾਰਟੀ ਵਿਸ਼ੇਸ਼ ਤੌਰ 'ਤੇ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵੀ ਸਿਆਸਤ ਤੋਂ ਉਪਰ ਉਠ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਕੁਰਬਾਨੀ ਕਰਨ ਤੋਂ ਪਿਛੇ ਨਹੀਂ ਹਟਣਾ ਚਾਹੀਦਾ।