ਕਾਨੂੰਗੋ ਤੇ ਪਟਵਾਰੀਆਂ ਦੀ ਹੜਤਾਲ ਕਾਰਨ ਪੰਜਾਬ ਦੇ 8445 ਪਿੰਡਾਂ ਦੇ ਕੰਮ ਰੁਕੇ

ਏਜੰਸੀ

ਖ਼ਬਰਾਂ, ਪੰਜਾਬ

ਕਾਨੂੰਗੋ ਤੇ ਪਟਵਾਰੀਆਂ ਦੀ ਹੜਤਾਲ ਕਾਰਨ ਪੰਜਾਬ ਦੇ 8445 ਪਿੰਡਾਂ ਦੇ ਕੰਮ ਰੁਕੇ

image

ਚੰਡੀਗੜ੍ਹ, 22 ਜੂਨ (ਭੁੱਲਰ) : ਅਪਣੀਆਂ ਮੰਗਾਂ ਨੂੰ ਲੈ ਕੇ ਅਤੇ ਲੰਮੇ ਸਮੇਂ ਤੋਂ ਖਾਲੀ ਪਦਾਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ 8445 ਕਾਨੂੰਨਗੋ ਤੇ ਪਟਵਾਰੀਆਂ ਵਲੋਂ 21 ਜੂਨ ਤੋਂ ਸ਼ੁਰੂ ਅਣਮਿਥੇ ਸਮੇਂ ਦੀ ਹੜਤਾਲ ਕਾਰਨ 8445 ਪਿੰਡਾਂ ਦੇ ਕੰਮ ਰੁਕ ਗਏ ਹਨ। ਇਹ ਸਾਰੇ ਪਿੰਡ ਖਾਲੀ ਪਦਾਂ ਵਾਲੇ ਹਨ। ਬੀ.ਕੇ.ਯੂ. ਉਗਰਾਹਾਂ ਨੇ ਵੀ ਇਸ ਹੜਤਾਲ ਦੀ ਹਮਾਇਤ ਕਰ ਦਿਤੀ ਹੈ। ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਜਾਇਜ਼ ਮੰਗਾਂ ਸਰਕਾਰ ਵਲੋਂ ਨਾ ਮੰਨਣ ਕਾਰਨ ਪੰਜਾਬ ਦੇ ਪਟਵਾਰੀਆਂ ਨੇ 12153 ਪਿੰਡਾਂ ਵਿਚੋਂ ਲਗਭਗ 8445 ਪਿੰਡਾਂ ਵਿਚ ਪਟਵਾਰੀ ਨਾ ਹੋਣ ਕਰ ਕੇ ਬੀਤੇ ਕਲ ਤੋਂ ਕੰਮ ਬੰਦ ਕਰ ਦਿਤਾ ਸੀ ਅਤੇ ਕਾਨੂੰਗੋਆਂ ਨੇ ਵੀ 666 ਸਰਕਲਾਂ ਵਿਚੋਂ ਪਟਵਾਰੀਆਂ ਦੀ ਪ੍ਰਮੋਸ਼ਨ ਨਾ ਹੋਣ ਕਰ ਕੇ 156 ਖਾਲੀ ਕਾਨੂੰਗੋ ਸਰਕਲਾਂ ਦਾ ਕੰਮ ਬੰਦ ਕਰ ਦਿਤਾ ਹੈ। ਕਿਉਂਕਿ ਪੰਜਾਬ ਅੰਦਰ 4716 ਪਟਵਾਰੀਆਂ ਦੀ ਥਾਂ ਇਸ ਸਮੇਂ ਲਗਭਗ 1900 ਪਟਵਾਰੀ ਹੀ ਕੰਮ ਕਰ ਰਹੇ ਹਨ। ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਕਾਨੂੰਨੀ ਸਕੱਤਰ ਸ. ਮੋਹਨ ਸਿੰਘ ਭੇਡਪੁਰਾ ਨੇ ਦਸਿਆ ਪਟਵਾਰੀਆਂ ਦੀਆਂ ਲਗਭਗ 2800 ਪੋਸਟਾਂ ਖਾਲੀ ਪਈਆਂ ਹਨ ਜੋ ਕਿ 2 ਸਾਲ ਬਾਅਦ ਵਧ ਕੇ ਲਗਭਗ 3500 ਪੋਸਟਾਂ ਖਾਲੀ ਹੋ ਜਾਣਗੀਆਂ। ਮਿਤੀ 01-01-1986 ਤੋਂ ਲੈ ਕੇ ਮਿਤੀ 31-12-1995 ਤਕ ਭਰਤੀ ਹੋਏ ਪਟਵਾਰੀਆਂ ਦੀ ਸਮੁੱਚੇ ਪੰਜਾਬ ਅੰਦਰ ਤਨਖਾਹ 1365-2410 ਦੇ ਸਕੇਲ ਵਿਚ ਫਿਕਸ ਕੀਤੀ ਜਾਵੇ।