ਨਾਬਾਲਗ਼ ਨਾਲ ਵਿਆਹ ਕਾਨੂੰਨੀ ਅਪਰਾਧ : ਹਾਈ ਕੋਰਟ

ਏਜੰਸੀ

ਖ਼ਬਰਾਂ, ਪੰਜਾਬ

ਨਾਬਾਲਗ਼ ਨਾਲ ਵਿਆਹ ਕਾਨੂੰਨੀ ਅਪਰਾਧ : ਹਾਈ ਕੋਰਟ

image

ਚੰਡੀਗੜ੍ਹ, 22 ਜੂਨ (ਸੁਰਜੀਤ ਸਿੰਘ ਸੱਤੀ) : ਨਾਬਾਲਗ਼ ਨਾਲ ਵਿਆਹ ਇਕ ਕਾਨੂਨੀ ਅਪਰਾਧ ਹੈ। ਹਾਈ ਕੋਰਟ ਹਾਲ ਹੀ ਵਿਚ ਬਾਲ ਵਿਆਹ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਜਵਾਬ ਤਲਬ ਕਰ ਚੁੱਕਾ ਹੈ, ਬਾਵਜੂਦ ਇਸ ਦੇ ਇਹ ਮਾਮਲੇ ਨਹੀਂ ਰੁਕ ਰਹੇ। ਮੰਗਲਵਾਰ ਨੂੰ ਅਜਿਹਾ ਹੀ ਇਕ ਮਾਮਲਾ ਹਾਈ ਕੋਰਟ ਪੁੱਜਾ। ਇਕ ਪ੍ਰੇਮੀ ਜੋੜੇ ਨੇ ਪਟੀਸ਼ਨ ਦਾਖ਼ਲ ਕਰ ਕੇ ਅਪਣੀ ਸੁਰੱਖਿਆ ਦੀ ਮੰਗ ਕੀਤੀ। ਜਸਟਿਸ ਅਵਨੀਸ਼ ਝਿੰਗਨ ਨੇ ਜਦੋਂ ਪ੍ਰੇਮੀ ਜੋੜੇ ਦੀ ਉਮਰ ਬਾਰੇ ਜਾਣਕਾਰੀ ਮੰਗੀ ਤਾਂ ਦਸਿਆ ਗਿਆ ਕਿ ਮੁੰਡਾ 22 ਸਾਲ ਦਾ ਹੈ ਅਤੇ ਕੁੜੀ ਅਜੇ 17 ਸਾਲ ਦੀ ਹੈ। ਦੋਵਾਂ ਨੇ ਵਿਆਹ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਅਪਣੇ ਪਰਵਾਰਾਂ ਤੋਂ ਜਾਨ ਦਾ ਖ਼ਤਰਾ ਹੈ। ਇਸ ਉਤੇ ਹਾਈ ਕੋਰਟ ਨੇ ਕਿਹਾ ਕਿ ਕੁੜੀ ਅਜੇ ਨਾਬਾਲਗ਼ ਹੈ, ਲਿਹਾਜ਼ਾ ਉਹ ਮੁੰਡੇ ਨਾਲ ਨਹੀਂ ਰਹਿ ਸਕਦੀ ਇਸ ਲਈ ਹਾਈ ਕੋਰਟ ਨੇ ਕੁੜੀ ਨੂੰ ਪੁਲਿਸ ਸੁਰੱਖਿਆ ਵਿਚ ਤੁਰਤ ਨਾਰੀ ਨਿਕੇਤਨ ਭੇਜਦੇ ਹੋਏ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ 
ਕਰ ਕੇ ਜਵਾਬ ਮੰਗ ਲਿਆ।  ਬੈਂਚ ਨੇ ਕਿਹਾ ਕਿ ਕੁੜੀ ਅਜੇ ਨਾਬਾਲਗ ਹੈ ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਦੋਵਾਂ ਨੇ ਬਠਿੰਡਾ ਦੇ ਗੁਰਦਵਾਰੇ ਵਿਚ ਵਿਆਹ ਕੀਤਾ ਤੇ ਇਸ ਦਾ ਸਰਟੀਫ਼ੀਕੇਟ ਵੀ ਵਟਸਐਪ ਜ਼ਰੀਏ ਹਾਈ ਕੋਰਟ ਨੂੰ ਸੌਂਪ ਦਿਤਾ। 
ਇਸ ਉੱਤੇ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਡਿਪਟੀ ਐਡਵੋਕੇਟ ਜਨਰਲ ਨੇ ਇਸ ਉਤੇ ਜਵਾਬ ਦੇਣ ਲਈ ਹਾਈ ਕੋਰਟ ਤੋਂ ਕੁੱਝ ਸਮਾਂ ਮੰਗਿਆ ਅਤੇ ਨਾਲ ਹੀ ਕਿਹਾ ਕਿ ਕੁੜੀ ਅਜੇ ਨਾਬਾਲਗ਼ ਹੈ ਅਜਿਹੇ ਵਿਚ ਨਾਬਾਲਗ਼ ਦਾ ਵਿਆਹ ਕਿਵੇਂ ਹੋ ਸਕਦਾ ਹੈ ਅਤੇ ਉਸ ਉਤੇ ਦੋਵੇਂ ਅਪਣੇ ਵਿਆਹ ਦਾ ਸਰਟੀਫੀਕੇਟ ਵੀ ਪੇਸ਼ ਕਰ ਰਹੇ ਹਨ। ਇਸ ਮਾਮਲੇ ਵਿਚ ਮੁੰਡੇ ਵਿਰੁਧ ਨਾਬਾਲਗ਼ ਨਾਲ ਵਿਆਹ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਫ਼ਿਲਹਾਲ ਕੁੜੀ ਨੂੰ 15 ਜੁਲਾਈ ਤਕ ਨਾਰੀ - ਨਿਕੇਤਨ ਵਿਚ ਭੇਜਣ ਦਾ ਹੁਕਮ ਦਿੰਦੇ ਹੋਏ ਸਰਕਾਰ ਨੂੰ ਇਸ ਮਾਮਲੇ ਵਿਚ ਅਗਲੀ ਸੁਣਵਾਈ ਉੱਤੇ ਜਵਾਬ ਮੰਗਿਆ ਹੈ।