ਸੈਣੀ ਅਤੇ ਉਮਰਾਨੰਗਲ ਦੇ ਨਾਰਕੋ ਟੈਸਟ ਲਈ ਅਦਾਲਤ ਵਿਚ ਅਰਜ਼ੀ ਦੀ ਸੁਣਵਾਈ 6 ਜੁਲਾਈ ਤਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ, ਇਸ ਲਈ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਆਗਿਆ ਦਿਤੀ ਜਾਵੇ।

Sumedh Singh Saini and IGP Paramraj Singh Umranangal

ਫ਼ਰੀਦਕੋਟ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. (ਸਿੱਟ) ਨੇ ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਇਲਾਕਾ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਪੁਲਿਸ ਅਫ਼ਸਰ ਸੱਚ ਛੁਪਾ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ, ਇਸ ਲਈ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਆਗਿਆ ਦਿਤੀ ਜਾਵੇ।

ਜਿਸ ’ਤੇ ਅਦਾਲਤ ਨੇ ਇਸ ਅਰਜ਼ੀ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ, ਮੁਅੱਤਲ ਆਈ.ਜੀ. ਉਮਰਾਨੰਗਲ ਅਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਸੰਮਨ ਭੇਜ ਕੇ ਅਪਣਾ ਪੱਖ ਰੱਖਣ ਦਾ ਮੌਕਾ ਦਿਤਾ ਸੀ ਪਰ ਅੱਜ ਇਹ ਅਦਾਲਤ ਵਿਚ ਖ਼ੁਦ ਪੇਸ਼ ਨਹੀਂ ਹੋਏ, ਬਲਕਿ ਅਦਾਲਤ ਵਿਚ ਇਨ੍ਹਾਂ ਵਲੋਂ ਐਡਵੋਕੇਟ ਕੁਲਇੰਦਰ ਸਿੰਘ ਸੇਖੋਂ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਅਤੇ ਐਡਵੋਕੇਟ ਗਗਨਦੀਪ ਨੇ ਪੇਸ਼ ਹੋ ਕੇ ਕਿਹਾ ਕਿ ਐਸਆਈਟੀ ਵਲੋਂ ਜੋ ਅਰਜ਼ੀ ਦਿਤੀ ਗਈ ਹੈ, ਉਹ ਗ਼ਲਤ ਤੱਥਾਂ ਦੇ ਆਧਾਰ ’ਤੇ ਦਿਤੀ ਗਈ ਹੈ।

ਇਸ ਲਈ ਇਸ ਅਰਜ਼ੀ ਦੇ ਜਵਾਬ ਦੇਣ ਦੀ ਮੌਹਲਤ ਦਿਤੀ ਜਾਵੇ, ਜਿਸ ’ਤੇ ਅਦਾਲਤ ਨੇ ਇਸ ਦੀ ਸੁਣਵਾਈ 6 ਜੁਲਾਈ ਤਕ ਮੁਲਤਵੀ ਕਰ ਦਿਤੀ। 
ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਏਡੀਜੀਪੀ ਐਲ.ਕੇ. ਯਾਦਵ ਦੀ ਅਗਵਾਈ ਵਿਚ ਬਣਾਈ ਗਈ ਨਵੀਂ ਐਸਆਈਟੀ ਨੇ ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿ੍ਰੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਓਐਸਡੀ ਗੁਰਚਰਨ ਸਿੰਘ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀਕਾਂਡ ਵਿਚ ਜੋ ਵਿਅਕਤੀ ਜ਼ਖ਼ਮੀ ਹੋਏ ਸਨ, ਉਨ੍ਹਾਂ ਸਮੇਤ ਹੋਰ ਚਸ਼ਮਦੀਦ ਗਵਾਹਾਂ ਦੇ ਵੀ ਬਿਆਨ ਕਲਮਬੰਦ ਕੀਤੇ ਜਾ ਚੁੱਕੇ ਹਨ।