ਹੋਟਲ ਵਿਚ ਭਾਜਪਾ ਦੀ ਹੋ ਰਹੀ ਰਾਜ ਪਧਰੀ ਮੀਟਿੰਗ ਦੌਰਾਨ ਕਿਸਾਨਾਂ ਨੇ ਕੀਤੀ ਘੇਰਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਹੋਟਲ ਵਿਚ ਭਾਜਪਾ ਦੀ ਹੋ ਰਹੀ ਰਾਜ ਪਧਰੀ ਮੀਟਿੰਗ ਦੌਰਾਨ ਕਿਸਾਨਾਂ ਨੇ ਕੀਤੀ ਘੇਰਾਬੰਦੀ

image

ਪੁਲਿਸ ਨੇ ਮੂਸ਼ਤੈਦੀ ਵਰਤਦੇ ਹੋਏ ਭਾਜਪਾ ਆਗੂਆਂ ਨੂੰ ਚੋਰ ਮੋਰੀ ਰਾਹੀਂ ਘਰਾਂ ਨੂੰ ਭੇਜਿਆ
 

ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ): ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਭਾਜਪਾ ਦੇ ਆਗੂਆਂ ਦੇ ਬਾਈਕਾਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਅੱਜ ਸਥਾਨਕ ਜੈਨ ਨਗਰੀ ਰੋਡ ਸਥਿਤ ਇਕ ਹੋਟਲ ਵਿਚ ਹੋ ਰਹੀ ਭਾਜਪਾ ਦੀ ਰਾਜ ਪਧਰੀ ਬੈਠਕ ਦਾ ਕਿਸਾਨਾਂ ਨੇ ਜੰਮ ਕੇ ਵਿਰੋਧ ਕੀਤਾ। 
ਸਥਿਤੀ ਤਣਾਅਪੂਰਨ ਹੋਣ ਦੀ ਸੂਚਨਾ ਮਿਲਦੇ ਹੀ ਐਸ.ਪੀ ਅਵਨੀਤ ਕੌਰ ਸਿੱਧੂ ਅਤੇ ਡੀਐਸਪੀ ਰਾਹੁਲ ਭਾਰਦਵਾਜ ਨੇ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਤੈਨਾਤ ਕਰ ਦਿਤੀ ਜਿਸ ਕਾਰਨ ਭਾਜਪਾ ਆਗੂ ਹੋਟਲ ਅੰਦਰ ਬੈਠ ਕੇ ਆਨਲਾਈਨ ਵਰਚਊਲ ਮੀਟਿੰਗ ਕਰਦੇ ਰਹੇ ਜਦਕਿ ਕਿਸਾਨ ਆਗੂ ਹੋਟਲ ਦੇ ਬਾਹਰ ਬੈਠ ਕੇ ਭਾਜਪਾ ਵਿਰੁਧ ਨਾਹਰੇਬਾਜ਼ੀ ਕਰਦੇ ਰਹੇ। ਮੀਟਿੰਗ ਉਪਰੰਤ ਭਾਰੀ ਪੁਲਿਸ ਸੁਰੱਖਿਆ ਹੇਠ ਭਾਜਪਾ ਆਗੂਆਂ ਨੂੰ ਚੋਰ ਮੌਰੀ ਰਾਹੀਂ ਹੋਰ ਗੇਟਾਂ ਵਿਚੋਂ ਘਰੋਂ-ਘਰੀ ਪਹੁੰਚਾਇਆ ਗਿਆ। ਭਾਜਪਾ ਦੀ ਚਲ ਰਹੀ ਮੀਟਿੰਗ ਦੇ ਸੂਹ ਮਿਲਦੇ ਹੀ ਕਿਸਾਨ ਆਗੂ ਸੁਖਜਿੰਦਰ ਸਿੰਘ ਰਾਜਨ, ਗੁਣਵੰਤ ਸਿੰਘ ਪੰਜਾਵਾਂ, ਸੁਖਮੰਦਰ ਸੁੱਖ ਝੁਰੜਖੇੜਾ, ਐਡਵੋਕੇਟ ਇੰਦਰਜੀਤ ਬਜਾਜ ਆਦਿ ਨੇ ਹੋਟਲ ਬਾਹਰ ਭਾਜਪਾ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਜਿਸ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰਤ ਪੂਰਹ ਜੈਨ ਨਗਰੀ ਰੋਡ ਭਾਰੀ ਪੁਲਿਸ ਸੁਰੱਖਿਆ ਪ੍ਰਬੰਧ ਕਰ ਦਿਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ ਅਤੇ ਕੇਂਦਰ ਤੇ ਪੰਜਾਬ ਭਾਜਪਾ ਦੇ ਲੀਡਰ ਮੀਟਿੰਗਾਂ ਕਰਨ ਵਿਚ ਰੁੱਝੇ ਹਨ। 
ਕਿਸਾਨਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਜਲਦ ਹੀ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਭਾਜਪਾ ਆਗੂਆਂ ਦਾ ਘਰਾਂ ਵਿਚੋਂ ਵੀ ਨਿਕਲਣਾ ਮੁਸ਼ਕਲ ਕਰ ਦਿਤਾ ਜਾਵੇਗਾ ਅਤੇ ਵਿਧਾਨ ਸਭਾ ਚੋਣਾਂ ਵਿਚ ਖੁਲ੍ਹ ਕੇ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਹੋਟਲ ਅੰਦਰ ਹੋ ਰਹੀ ਰਾਜ ਪਧਰੀ ਮੀਟਿੰਗ ਵਿਚ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਧਨਪੱਤ ਸਿਆਗ, ਜ਼ਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਧੂੜੀਆ, ਰਾਮ ਕੁਮਾਰ ਮਾਨਧਾਨੀਆ, ਅਸ਼ਵਨੀ ਫੁਟੇਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਰਿੰਦਰ ਸਿੰਘ, ਬਠਿੰਡਾ ਸ਼ਹਿਰੀ ਦੇ ਪ੍ਰਧਾਨ ਵਰਿੰਦਰ ਕੁਮਾਰ, ਬਠਿੰਡਾ ਦਿਹਾਤੀ ਦੇ ਪ੍ਰਧਾਨ ਭਾਰਤ ਭੂਸ਼ਣ, ਐਸ.ਸੀ ਮੋਰਚਾ ਪ੍ਰਧਾਨ ਪ੍ਰੇਮ ਡੁੱਲਗਚ ਤੇ ਅਜੈ ਮਲਕੱਟ ਆਦਿ ਹਾਜ਼ਰ ਸਨ। ਪੁਲਿਸ ਨੇ ਮੂਸਤੈਦੀ ਵਰਤਦੇ ਹੋਏ ਮੀਟਿੰਗ ਉਪਰੰਤ ਭਾਜਪਾ ਆਗੂਆਂ ਨੂੰ ਚੋਰ ਮੌਰੀ ਰਾਹੀ ਘਰਾਂ ਨੂੰ ਤੋਰ ਦਿਤਾ ਜਦਕਿ ਕਿਸਾਨ ਹੋਟਲ ਬਾਹਰ ਭਾਜਪਾ ਵਿਰੁਧ ਨਾਹਰੇਬਾਜ਼ੀ ਕਰਦੇ ਰਹੇ। 

ਕੈਪਸ਼ਨ : ਭਾਰੀ ਪੁਲਿਸ ਸੁਰੱਖਿਆ ਵਿਚ ਘਿਰੇ ਕਿਸਾਨ ਭਾਜਪਾ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ। (ਖਾਲਸਾ)

ਫੋਟੋ ਫਾਈਲ : ਅਬੋਹਰ-ਖਾਲਸਾ 22-1