ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਦੀਆਂ ਮੁਸ਼ਕਲਾਂ ਵਧੀਆਂ

ਏਜੰਸੀ

ਖ਼ਬਰਾਂ, ਪੰਜਾਬ

ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਦੀਆਂ ਮੁਸ਼ਕਲਾਂ ਵਧੀਆਂ

image


ਦੋ ਹੋਰ ਠੇਕੇਦਾਰਾਂ ਨੇ 2 ਫ਼ੀ ਸਦੀ ਕਮਿਸ਼ਨ ਲੈਣ ਦੀ ਮੁੱਖ ਮੰਤਰੀ ਨੂੰ  ਕੀਤੀ ਸ਼ਿਕਾਇਤ, ਪੋਪਲੀ ਦੇ ਘਰ ਦੀ ਤਲਾਸ਼ੀ ਸਮੇਂ ਵੀ ਮਿਲੇ ਹਨ 73 ਕਾਰਤੂਸ ਅਤੇ ਵਿਦੇਸ਼ੀ ਸ਼ਰਾਬ

ਚੰਡੀਗੜ੍ਹ, 22 ਜੂਨ (ਗੁਰਉਪਦੇਸ਼ ਭੁੱਲਰ): ਵਿਜੀਲੈਂਸ ਬਿਊਰੋ ਵਲੋਂ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕੀਤੇ ਪੁਲਿਸ ਰੀਮਾਂਡ 'ਤੇ ਚਲ ਰਹੇ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ | ਹੁਣ ਦੋ ਹੋਰ ਠੇਕੇਦਾਰਾਂ ਨੇ ਕੰਮ ਵਿਚੋਂ 2 ਫ਼ੀ ਸਦੀ ਕਮਿਸ਼ਨ ਲੈਣ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ  ਕੀਤੀ ਹੈ | ਇਸੇ ਦੌਰਾਨ ਅੱਜ ਬਿਊਰੋ ਦੀ ਟੀਮ ਵਲੋਂ ਪੋਪਲੀ ਦੇ ਸੈਕਟਰ 11 ਸਥਿਤ ਘਰ ਦੀ ਲਈ ਤਲਾਸ਼ੀ ਦੌਰਾਨ 73 ਕਾਰਤੂਸ ਅਤੇ ਵਿਦੇਸ਼ੀ ਸ਼ਰਾਬ ਵੀ ਮਿਲੀ ਹੈ |
ਮਿਲੇ ਕਾਰਤੂਸਾਂ ਵਿਚ 7.65 ਐਮਐਮ ਦੇ 41, 32 ਬੋਰ ਦੇ 2 ਅਤੇ 22 ਬੋਰ ਦੇ 30 ਕਾਰਤੂਸ ਸ਼ਾਮਲ ਹਨ | ਇਸ ਸਬੰਧ ਵਿਚ ਪੋਪਲੀ ਵਿਰੁਧ ਆਰਮਜ਼ ਐਕਟ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ | ਬਿਊਰੋ ਇਹ ਪਤਾ ਲਾਉਣ ਲਈ ਜਾਂਚ ਕਰ ਰਿਹਾ ਹੈ ਕਿ ਇਹ ਕਾਰਤੂਸ ਕਿਥੋਂ ਆਏ ਤੇ ਕਿਸ ਮਕਸਦ ਲਈ ਰੱਖੇ ਗਏ ਸਨ | ਵਿਦੇਸ਼ੀ ਸ਼ਰਾਬ ਦਾ ਪਰਮਿਟ ਹੋਣ ਕਾਰਨ ਮਾਮਲਾ ਦਰਜ ਨਹੀਂ ਕੀਤਾ ਗਿਆ | ਇਸ ਬਾਰੇ ਜਾਂਚ ਪੜਤਾਲ ਲਈ ਚੰਡੀਗੜ੍ਹ ਪੁਲਿਸ ਨੂੰ  ਸੂਚਨਾ ਦਿਤੀ ਗਈ ਹੈ |
ਸੰਜੇ ਪੋਪਲੀ ਵਿਰੁਧ ਮੁੱਖ ਮੰਤਰੀ ਨੂੰ  ਹਰਿਆਣਾ ਨਾਲ ਸਬੰਧਤ ਕਰਨਾਲ ਦੇ 2 ਹੋਰ ਠੇਕੇਦਾਰਾਂ ਨੇ ਸ਼ਿਕਾਇਤ ਦਿਤੀ ਹੈ |
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਤੋਂ ਮੋਰਿੰਡਾ ਅਤੇ ਤਲਵਾੜਾ ਦੀ ਸੀਵਰੇਜ ਲਾਈਨ ਵਿਛਾਉਣ ਲਈ ਪੇਮੈਂਟ ਦੀ ਅਦਾਇਗੀ ਬਦਲੇ 2 ਫ਼ੀ ਸਦੀ ਕਮਿਸ਼ਨ ਲਿਆ ਗਿਆ |
ਜ਼ਿਕਰਯੋਗ ਹੈ ਕਿ ਪੋਪਲੀ ਦੀ ਪਹਿਲਾਂ ਵੀ ਠੇੇਕੇਦਾਰ ਵਲੋਂ 1 ਫ਼ੀ ਸਦੀ ਕਮਿਸ਼ਨ ਦਿਤੇ ਜਾਣ ਦੀ ਸ਼ਿਕਾਇਤ ਬਾਅਦ ਵਿਜੀਲੈਂਸ ਬਿਊਰੋ ਨੇ ਗਿ੍ਫ਼ਤਾਰੀ ਕੀਤੀ ਹੈ | ਕਰਨਾਲ ਦੇ ਇਕ ਠੇਕੇਦਾਰ ਨੇ 7.30 ਕਰੋੜ ਦੇ ਪ੍ਰਾਜੈਕਟ ਲਈ 1 ਫ਼ੀ ਸਦੀ ਕਮਿਸ਼ਨ ਲੈਣ ਦੀ ਸ਼ਿਕਾਇਤ ਕੀਤੀ ਸੀ |