76 ਸਾਲ ਦੀ ਬੀਬੀ ਨੇ 60 ਕਿਲੋਗ੍ਰਾਮ ਭਾਰ ਚੁਕ ਕੇ ਕੀਤਾ ਸਾਰਿਆਂ ਨੂੰ  ਹੈਰਾਨ

ਏਜੰਸੀ

ਖ਼ਬਰਾਂ, ਪੰਜਾਬ

76 ਸਾਲ ਦੀ ਬੀਬੀ ਨੇ 60 ਕਿਲੋਗ੍ਰਾਮ ਭਾਰ ਚੁਕ ਕੇ ਕੀਤਾ ਸਾਰਿਆਂ ਨੂੰ  ਹੈਰਾਨ

image

ਲੰਡਨ, 22 ਜੂਨ : ਹੁਨਰ ਉਮਰ ਦਾ ਮੁਥਾਜ ਨਹੀਂ ਹੁੰਦਾ, ਇਸ ਗੱਲ ਨੂੰ  ਇਕ 76 ਸਾਲ ਦੀ ਬੀਬੀ ਨੇ ਸਹੀ ਸਾਬਤ ਕਰ ਦਿਤਾ ਹੈ | ਇਸ ਬੀਬੀ ਦਾ ਨਾਮ ਪੈਟ ਰੀਵਸ ਹੈ ਜਿਸ ਨੇ 60 ਕਿਲੋਗ੍ਰਾਮ ਦਾ ਭਰ ਚੁਕ ਕੇ ਸਾਰੀ ਦੁਨੀਆਂ ਨੂੰ  ਹੈਰਾਨੀ ਵਿਚ ਪਾ ਦਿਤਾ ਹੈ | ਇੰਨਾ ਹੀ ਨਹੀਂ, ਪੈਟ ਤਿੰਨ ਵਾਰ ਮੌਤ ਦੇ ਮੂੰਹ ਵਿਚੋਂ ਬਚ ਕੇ ਨਿਕਲੇ ਹਨ | ਜਾਣਕਾਰੀ ਅਨੁਸਾਰ ਇਹ ਸੁਪਰਫਿੱਟ ਦਾਦੀ 2 ਵਾਰ ਕੈਂਸਰ ਨੂੰ  ਮਾਤ ਦੇ ਕੇ ਐਥਲੀਟ ਬਣੇ ਅਤੇ ਕਈ ਰਿਕਾਰਡ ਅਪਣੇ ਨਾਮ ਕੀਤੇ | 2005 ਵਿਚ ਬਿ੍ਟਿਸ਼ ਡਰੱਗ ਫ਼ਰੀ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਪੈਟ ਨੇ ਲਗਭਗ 200 ਰਿਕਾਰਡ ਤੋੜੇ ਹਨ ਅਤੇ 135 ਕਿਲੋਗ੍ਰਾਮ ਤਕ ਭਾਰ ਚੁਕ ਸਕਦੀ ਹੈ | ਦੱਸ ਦਈਏ ਕਿ ਪੈਟ ਰੀਵਸ ਨੂੰ  36 ਸਾਲ ਦੀ ਉਮਰ ਵਿਚ ਪਹਿਲੀ ਵਾਰ ਬ੍ਰੇਨ ਟਿਊਮਰ ਦਾ ਪਤਾ ਲੱਗਾ ਸੀ ਪਰ ਹਿੰਮਤ ਹਾਰਨ ਦੀ ਬਜਾਏ ਉਨ੍ਹਾਂ ਨੇ ਵੇਟ ਲਿਫ਼ਟਿੰਗ ਸ਼ੁਰੂ ਕਰ ਦਿਤੀ | ਜਿੰਮ ਵਿਚ ਪਸੀਨਾ ਵਹਾਇਆ ਅਤੇ ਮੌਤ ਨੂੰ  ਮਾਤ ਦਿਤੀ ਪਰ ਉਸ ਨੂੰ  ਦੁਬਾਰਾ ਫਿਰ ਕੈਂਸਰ ਦਾ ਸਾਹਮਣਾ ਕਰਨਾ ਪਿਆ | 1982 ਤੋਂ ਬਾਅਦ ਹੁਣ ਤਕ 2 ਵਾਰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਹੋਈ ਪੈਟ ਖ਼ੁਦ ਨੂੰ  ਮਜ਼ਬੂਤ ਬਣਾਈ ਰੱਖਣ ਲਈ ਪਾਵਰ ਲਿਫ਼ਟਿੰਗ ਅਤੇ ਮੈਰਾਥਨ ਵਿਚ ਇੰਨੀ ਐਕਟਿਵ ਹੋ ਗਈ ਕਿ ਅੱਜ 200 ਤੋਂ ਜ਼ਿਆਦਾ ਰਿਕਾਰਡ ਤੋੜ ਚੁਕੀ ਹੈ | ਜ਼ਿਕਰਯੋਗ ਹੈ ਕਿ ਪੈਟ ਨੇ 10 ਸਾਲਾਂ ਤਕ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਆਪਣੇ ਸੁਨਹਿਰੇ ਦਿਨਾਂ ਵਿਚ 42 ਕਿਲੋਗ੍ਰਾਮ ਵਰਗ ਵਿਚ 135 ਕਿਲੋਗ੍ਰਾਮ ਦੀ ਵੇਟ ਲਿਫ਼ਟਿੰਗ ਕੀਤੀ | ਕਿਸਮਤ ਇਕ ਵਾਰ ਉਸ ਨੂੰ  ਅਜਮਾਉਣਾ ਚਾਹੁੰਦੀ ਸੀ, ਲਿਹਾਜ਼ਾ 48 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਪੈਟ ਨੂੰ  ਟਰਮੀਨਲ ਕੈਂਸਰ ਦਾ ਸਾਹਮਣਾ ਕਰਨਾ ਪਿਆ | ਇਸ ਵਾਰ 1993 ਵਿਚ ਉਸ ਨੂੰ  ਆਸਟਿਯੋਸਾਰਕੋਮਾ ਹੋ ਗਿਆ, ਜੋ ਇਕ ਤਰ੍ਹਾਂ ਦਾ ਹੱਡੀ ਦਾ ਕੈਂਸਰ ਸੀ | (ਏਜੰਸੀ)