ਏਅਰ ਇੰਡੀਆ ਦੇ ਕਾਕਪਿਟ ’ਚ ਮਹਿਲਾ ਦੋਸਤ ਨੂੰ ਬੁਲਾਉਣ ’ਤੇ ਪਾਈਲਟ ’ਤੇ ਐਕਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਮੁਅੱਤਲ

photo

 

ਚੰਡੀਗੜ੍ਹ : ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਫਲਾਈਟ ਦੌਰਾਨ ਪਾਇਲਟ ਨੇ ਪ੍ਰੇਮਿਕਾ ਨੂੰ ਕਾਕਪਿਟ 'ਚ ਦਾਖਲ ਹੋਣ ਦਿਤਾ। ਇਸ ਮਾਮਲੇ ਵਿਚ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਮੁਅੱਤਲ ਕਰ ਦਿਤਾ ਹੈ।ਇਸ ਫਲਾਈਟ ਦੇ ਕੋ-ਪਾਇਲਟ ਦਾ ਲਾਇਸੈਂਸ ਇਕ ਮਹੀਨੇ ਲਈ ਮੁਅੱਤਲ ਕਰ ਦਿਤਾ ਗਿਆ ਹੈ ਕਿਉਂਕਿ ਉਸ ਨੇ ਔਰਤ ਨੂੰ ਕਾਕਪਿਟ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ ਅਤੇ ਘਟਨਾ ਦੀ ਰਿਪੋਰਟ ਨਹੀਂ ਕੀਤੀ। ਇਹ ਘਟਨਾ 3 ਜੂਨ ਨੂੰ ਫਲਾਈਟ ਨੰਬਰ AI-458 'ਚ ਵਾਪਰੀ ਸੀ।

ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਦੇ ਜਹਾਜ਼ਾਂ ਵਿਚ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ। 27 ਫਰਵਰੀ ਨੂੰ ਏਅਰ ਇੰਡੀਆ ਦੀ ਦੁਬਈ-ਦਿੱਲੀ ਫਲਾਈਟ ਦੌਰਾਨ ਇਕ ਪਾਇਲਟ ਨੇ ਆਪਣੀ ਪ੍ਰੇਮਿਕਾ ਨੂੰ ਕਾਕਪਿਟ ਵਿਚ ਦਾਖਲ ਹੋਣ ਦਿਤਾ। ਦੋਵੇਂ ਇਕ ਘੰਟਾ ਉਥੇ ਰਹੇ। 

ਪਾਇਲਟ ਨੇ ਚਾਲਕ ਦਲ ਨੂੰ ਉਸ ਲਈ ਸਿਰਹਾਣੇ ਮੰਗਵਾਉਣ ਅਤੇ ਉਸ ਨੂੰ ਸ਼ਰਾਬ ਪਰੋਸਣ ਲਈ ਕਿਹਾ। ਜਦੋਂ ਚਾਲਕ ਦਲ ਨੇ ਕਾਕਪਿਟ 'ਚ ਸ਼ਰਾਬ ਪਰੋਸਣ ਤੋਂ ਇਨਕਾਰ ਕਰ ਦਿਤਾ ਤਾਂ ਪਾਇਲਟ ਨੇ ਗੁੱਸੇ 'ਚ ਆ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਮਾਮਲੇ 'ਚ ਡੀਜੀਸੀਏ ਨੇ ਏਅਰਲਾਈਨ ਨੂੰ ਜਾਂਚ ਪੂਰੀ ਹੋਣ ਤੱਕ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਹਟਾਉਣ ਦਾ ਨਿਰਦੇਸ਼ ਦਿਤਾ ਸੀ।