ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਪਹਿਲਾ ਸੌਲਿਡ ਵੇਸਟ ਮੈਨੇਜਮੈਂਟ ਪਿੱਟ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿੱਲੇ ਕੂੜੇ ਤੋਂ ਖਾਦ ਬਣਾ ਕੇ ਵੇਚੇਗੀ ਪੰਚਾਇਤ

First solid waste management pit prepared in the rural area of ​​the district

ਡਾਇਪਰਾਂ ਨੂੰ ਨਸ਼ਟ ਕਰਨ ਲਈ ਲਗਾਈ ਜਾ ਰਹੀ ਭੱਠੀ
ਹੁਸ਼ਿਆਰਪੁਰ :
ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਖੇਤਰ ਵਿੱਚ ਕੂੜੇ ਦੀ ਸੰਭਾਲ ਕਰਨ ਵਾਲਾ ਪਹਿਲਾ ਸੌਲਿਡ ਵੇਸਟ ਮੈਨੇਜਮੈਂਟ ਪਿੱਟ ਪਿੰਡ ਛਾਉਣੀ ਕਲਾ ਵਿੱਚ ਬਣ ਕੇ ਤਿਆਰ ਹੋ ਗਿਆ ਹੈ ਜਿਸ ਵਿਚ 23 ਜੂਨ ਤੋਂ ਗਿੱਲਾ-ਸੁੱਕਾ ਕੂੜਾ ਪਾਉਣ ਦੇ ਕੰਮ ਦੀ ਸ਼ੁਰੂਆਤ ਹੋਵੇਗੀ ਤੇ ਆਉਣ ਵਾਲੇ ਸਮੇਂ ਦੌਰਾਨ ਗਿੱਲੇ ਕੂੜੇ ਤੋਂ ਤਿਆਰ ਹੋਣ ਵਾਲੀ ਦੇਸੀ ਖਾਦ ਨੂੰ ਪਿੰਡ ਦੀ ਪੰਚਾਇਤ ਵਲੋਂ ਵੇਚਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਪਿੰਡ ਵਿਚ ਇਕ ਖਾਸ ਤਰ੍ਹਾਂ ਦੀ ਭੱਠੀ ਵੀ ਲਗਾਈ ਜਾ ਰਹੀ ਹੈ ਜਿਸ ਵਿਚ ਪਿੰਡ ਦੇ ਬੱਚਿਆਂ ਤੇ ਬੀਮਾਰ ਬਜ਼ੁਰਗਾਂ ਵਲੋਂ ਵਰਤੇ ਜਾਣ ਵਾਲੇ ਡਾਇਪਰਾਂ ਨੂੰ ਨਸ਼ਟ ਕੀਤਾ ਜਾਵੇਗਾ। ਸੁੱਕੇ ਕੂੜੇ ਜਿਸ ਵਿਚ ਖਾਸਕਰ ਪਲਾਸਟਿਕ ਹੁੰਦੀ ਹੈ ਨੂੰ ਵੀ ਪਿੰਡ ਦੀ ਪੰਚਾਇਤ ਵੇਚੇਗੀ, ਘਰ-ਘਰ ਤੋਂ ਕੂੜਾ ਉਠਾਉਣ ਲਈ ਦੋ ਮੁਲਾਜ਼ਮ ਰੱਖੇ ਜਾਣਗੇ ਜੋ ਕਿ ਪਿੰਡ ਨਾਲ ਹੀ ਸਬੰਧਤ ਹੋਣਗੇ ਤੇ ਉਨ੍ਹਾਂ ਨੂੰ ਤਨਖ਼ਾਹ ਪਿੰਡ ਦੀ ਪੰਚਾਇਤ ਹਰ ਘਰ ਤੋਂ ਪੈਸੇ ਇਕੱਠੇ ਕਰ ਕੇ ਦਿਆ ਕਰੇਗੀ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ-2 ਵਿਚ ਪੈਂਦੇ ਪਿੰਡ ਛਾਉਣੀ ਕਲਾ ਦੀ ਪੰਚਾਇਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਜ਼ਿਲ੍ਹੇ ਵਿਚ ਇਸ ਕੰਮ ਵਿਚ ਪਹਿਲਾ ਨੰਬਰ ਲਿਆ ਹੈ ਜਦੋਂ ਕਿ ਬਲਾਕ-2 ਦੇ ਹੋਰ 71 ਪਿੰਡਾਂ ਵਿਚ ਇਸ ਤਰ੍ਹਾਂ ਦੇ ਪਿੱਟ ਤਿਆਰ ਕੀਤੇ ਜਾ ਰਹੇ ਹਨ। ਪਿੰਡ ਦੀ ਸਰਪੰਚ ਦਵਿੰਦਰ ਕੌਰ ਤੇ ਪੰਚ ਜਸਵਿੰਦਰ ਸਿੰਘ ਨੇ ਦਸਿਆ ਕਿ ਇਸ ਪ੍ਰੋਜੈਕਟ ਉੱਪਰ 4 ਲੱਖ 25 ਹਜਾਰ ਰੁਪਏ ਤਕ ਖ਼ਰਚ ਹੋਏ ਹਨ ਜੋ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਦਿਤੇ ਗਏ ਹਨ।

ਉਨ੍ਹਾਂ ਦਸਿਆ ਕਿ ਰਾਂਊਡ ਗਲਾਸ ਐਨ.ਜੀ.ਓ. ਵਲੋਂ ਪਿੰਡ ਦੇ ਹਰ ਘਰ ਲਈ ਦੋ ਵੱਡੇ ਡਸਟਬਿਨ ਦਿਤੇ ਜਾਣਗੇ ਜਿਨ੍ਹਾਂ ਵਿਚ ਗਿੱਲਾ-ਸੁੱਕਾ ਕੂੜਾ ਇਕੱਠਾ ਕੀਤਾ ਜਾਵੇਗਾ ਤੇ ਇਸ ਸੰਸਥਾ ਦੇ 2 ਮੈਂਬਰ 10 ਦਿਨ ਪਿੰਡ ਵਿਚ ਰਹਿ ਕੇ ਲੋਕਾਂ ਨੂੰ ਕੂੜੇ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਗੇ। 23 ਜੂਨ ਨੂੰ ਇਸ ਪ੍ਰੋਜੈਕਟ ਦਾ ਉਦਘਾਟਨ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਤੇ ਐਨ.ਜੀ.ਓ. ਦੇ ਮੈਂਬਰਾਂ ਵਲੋਂ ਕੀਤਾ ਜਾਵੇਗਾ।