ਬਾਕਰਪੁਰ ਚੌਕ 'ਚ ਕੰਟੇਨਰ 'ਚ ਨਵਾਂ ਥਾਣਾ ਸ਼ੁਰੂ, ਨਵਾਂ ਥਾਣਾ ਬਣਨ ਨਾਲ ਸੋਹਾਣਾ ਥਾਣੇ ਦਾ ਘਟੇਗਾ ਦਾਇਰਾ

ਏਜੰਸੀ

ਖ਼ਬਰਾਂ, ਪੰਜਾਬ

ਆਰਜੀ ਦੇ ਆਧਾਰ 'ਤੇ ਸ਼ੁਰੂ ਕੀਤੇ ਆਈਟੀ ਐਰੋਸਿਟੀ ਥਾਣੇ ਦਾ ਚਾਰਜ ਐੱਸਐੱਚਓ ਸਰਬਜੀਤ ਸਿੰਘ ਨੂੰ ਸੌਂਪ ਦਿਤਾ ਗਿਆ ਹੈ

representational photo

 

ਮੋਹਾਲੀ (ਰਮਨਦੀਪ ਕੌਰ ਸੈਣੀ) : ਐਰੋਸਿਟੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮੋਹਾਲੀ ਪੁਲਿਸ ਨੇ ਐਸ.ਐਸ.ਪੀ ਮੋਹਾਲੀ ਡਾ: ਸੰਦੀਪ ਗਰਗ ਵਲੋਂ ਨਵਾਂ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਹੈ| ਨਵਾਂ ਥਾਣਾ ਆਈਟੀ ਐਰੋਸਿਟੀ ਵਜੋਂ ਜਾਣਿਆ ਜਾਵੇਗਾ, ਜਿਸ ਦੀ ਰਸਮੀ ਸ਼ੁਰੂਆਤ ਹੁਣੇ ਹੀ ਬਾਕਰਪੁਰ ਚੌਕ ਵਿਖੇ ਹੋਈ ਹੈ। ਪੁਲਿਸ ਸਟੇਸ਼ਨ ਦੀ ਇਮਾਰਤ ਦੀ ਉਸਾਰੀ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਪੁਲਿਸ ਸਟੇਸ਼ਨ ਨੂੰ ਇੱਕ ਡੱਬੇ ਵਿਚ ਰੱਖ ਕੇ ਰਸਮੀ ਤੌਰ ’ਤੇ ਸ਼ੁਰੂ ਕਰ ਦਿਤਾ ਗਿਆ ਹੈ।

ਫਿਲਹਾਲ ਇਸ ਥਾਣੇ ਦੀ ਹਦੂਦ ਅੰਦਰ ਐਫਆਈਆਰ ਸੋਹਾਣਾ ਥਾਣੇ ਵਿਚ ਹੀ ਦਰਜ ਹੋਵੇਗੀ। ਬਾਅਦ ਵਿਚ ਜਦੋਂ ਆਈਟੀ ਐਰੋਸਿਟੀ ਥਾਣੇ ਦੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ ਤਾਂ ਇਸ ਨੂੰ ਉੱਥੇ ਸ਼ਿਫਟ ਕਰ ਦਿਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਨਵਾਂ ਥਾਣਾ ਸੈਕਟਰ-66ਬੀ ਵਿਚ ਬਣਾਇਆ ਜਾਣਾ ਹੈ। ਇਸ ਲਈ ਜਗ੍ਹਾ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ। ਜਲਦੀ ਹੀ ਥਾਣੇ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ।

ਆਰਜੀ ਦੇ ਆਧਾਰ 'ਤੇ ਸ਼ੁਰੂ ਕੀਤੇ ਆਈਟੀ ਐਰੋਸਿਟੀ ਥਾਣੇ ਦਾ ਚਾਰਜ ਐੱਸਐੱਚਓ ਸਰਬਜੀਤ ਸਿੰਘ ਨੂੰ ਸੌਂਪ ਦਿਤਾ ਗਿਆ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਇੱਥੇ 26 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਐਰੋਸਿਟੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਵਾਪਰੀਆਂ ਘਟਨਾਵਾਂ, ਪੁਲਿਸ ਗਸ਼ਤ ਅਤੇ ਹੋਰ ਮਾਮਲਿਆਂ ਦੀ ਜਾਂਚ ਕਰਨਗੇ। ਦੱਸ ਦੇਈਏ ਕਿ ਬੁੱਧਵਾਰ ਨੂੰ ਹੀ ਮੁਹਾਲੀ ਜ਼ਿਲ੍ਹੇ ਦੇ 13 ਐਸਐਚਓਜ਼ ਦੇ ਤਬਾਦਲੇ ਕਰ ਦਿਤੇ ਗਏ ਹਨ। ਨਾਲ ਹੀ ਨਵੇਂ ਥਾਣੇ ਦੇ ਐਲਾਨ ਤੋਂ ਬਾਅਦ ਪਹਿਲਾ ਚਾਰਜ ਐਸਐਚਓ ਸਰਬਜੀਤ ਸਿੰਘ ਨੂੰ ਸੌਂਪ ਦਿਤਾ ਗਿਆ ਹੈ।

ਪਹਿਲਾਂ ਐਰੋਸਿਟੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਸੋਹਾਣਾ ਥਾਣੇ ਅਧੀਨ ਆਉਂਦੇ ਸਨ। ਸੋਹਾਣਾ ਥਾਣੇ ਅਧੀਨ ਬਹੁਤ ਵੱਡਾ ਇਲਾਕਾ ਸੀ, ਜਿਸ ਵਿਚ ਕੁੱਲ 61 ਪਿੰਡ ਅਤੇ ਸੈਕਟਰ ਆਉਂਦੇ ਸਨ। ਦੂਜੇ ਪਾਸੇ ਐਰੋਸਿਟੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸਨੈਚਿੰਗ ਅਤੇ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਇਸੇ ਲਈ ਸੋਹਾਣਾ ਦਾ ਘੇਰਾ ਘਟਾਉਣ ਲਈ ਨਵੇਂ ਥਾਣੇ ਦੀ ਉਸਾਰੀ ਦਾ ਕੰਮ ਕਰਨਾ ਪਿਆ। ਹੁਣ ਰੇਲਵੇ ਲਾਈਨ ਦੇ ਦੂਜੇ ਪਾਸੇ ਸੈਕਟਰ-61 ਤੋਂ ਸੈਕਟਰ-82, 66ਏ-66ਬੀ, ਐਰੋਸਿਟੀ ਅਤੇ ਉਸ ਪਾਸੇ ਦੇ ਸਾਰੇ ਪਿੰਡਾਂ ਨੂੰ ਆਈ.ਟੀ. ਥਾਣੇ ਦੇ ਅਧੀਨ ਕਰ ਦਿਤਾ ਗਿਆ ਹੈ।