ਪਟਿਆਲਾ ਦੀ ਖੇਡ ਯੂਨੀਵਰਸਿਟੀ ਮੀਲ ਪੱਥਰ ਸਾਬਤ ਹੋਵੇਗੀ : ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੀ ਪਹਿਲੀ ਖੇਡ ਯੂਨੀਵਰਸਟੀ ਲਈ ਖੇਡ ਮੰਤਰੀ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ

Sports Minister Rana Sodhi thanks CM for first sports university in Patiala

ਚੰਡੀਗੜ੍ਹ : ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਪਟਿਆਲਾ ਸੂਬੇ ਭਰ ਵਿਚ ਖੇਡ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਇਹ ਯੂਨੀਵਰਸਿਟੀ ਨਵੇਂ ਉੱਭਰ ਰਹੇ ਖਿਡਾਰੀਆਂ ਲਈ ਕੌਮਾਂਤਰੀ ਮਾਪਦੰਡਾਂ ਮੁਤਾਬਕ ਸਿਖਲਾਈ ਲੈਣ ਵਿਚ ਸਹਾਈ ਹੋਵੇਗੀ ਤਾਂ ਜੋ ਖਿਡਾਰੀ ਓਲੰਪਿਕ ਵਰਗੇ ਆਲਮੀ ਈਵੈਂਟਾਂ ਵਿੱਚ ਦੇਸ਼ ਲਈ ਤਮਗੇ ਜਿੱਤ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ। ਖੇਡ ਮੰਤਰੀ ਨੇ ਪਟਿਆਲਾ ਵਿਖੇ ਅਤਿ ਆਧੁਨਿਕ ਖੇਡ ਯੂਨੀਵਰਸਿਟੀ ਦੀ ਸਥਾਪਨਾ ਦੇ ਸੁਪਨਮਈ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ 19 ਜੁਲਾਈ 2019 ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 213 ਦੇ ਕਲਾਜ਼ (1) ਤਹਿਤ 'ਪੰਜਾਬ ਖੇਡ ਯੂਨੀਵਰਸਿਟੀ ਆਰਡੀਨੈਂਸ-2019' ਦੀ ਘੋਸ਼ਣਾ ਦੇ ਮੱਦੇਨਜ਼ਰ ਜ਼ਰੂਰੀ ਨੋਟੀਫਿਕੇਸ਼ਨ ਬੀਤੇ ਦਿਨ ਜਾਰੀ ਕੀਤਾ ਗਿਆ ਸੀ। ਇਸ ਨਾਲ ਸਤੰਬਰ 2019 ਤੋਂ ਇਸ ਯੂਨੀਵਰਸਿਟੀ ਵਿਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ ਜਿਵੇਂ ਕਿ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ  ਸਟੀਰਿੰਗ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਸੀ।

ਇਸ ਯੂਨੀਵਰਸਿਟੀ ਦੀ ਸਥਾਪਨਾ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ਵਿਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਕੀਤੀ ਜਾ ਰਹੀ ਹੈ।  ਇਹ ਖੇਡਾਂ ਨਾਲ ਸਬੰਧਤ ਉੱਚ ਮਿਆਰੀ ਬੁਨਿਆਦੀ ਢਾਂਚੇ 'ਤੇ ਆਧਾਰਤ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਤੋਂ ਇਲਾਵਾ ਇਹ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਦੇ ਖੇਤਰਾਂ ਵਿਚ ਹੋਰ ਸੰਸਥਾਵਾਂ ਦੀ  ਪੇਸ਼ੇਵਰ ਅਤੇ ਅਕਾਦਮਿਕ ਅਗਵਾਈ ਕਰੇਗੀ।

ਇਹ ਯੂਨੀਵਰਸਿਟੀ ਉੱਚ ਪਧਰੀ ਤੇ ਹੋਰ ਹੁਨਰਮੰਦ ਖਿਡਾਰੀਆਂ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਕਾਰਜ ਕਰੇਗੀ ਅਤੇ ਨਵੀਆਂ ਕਾਢਾਂ ਤੇ ਖੋਜਾਂ ਨੂੰ ਉਤਸਾਹ ਦੇਵੇਗੀ। ਇਹ ਯੂਨੀਵਰਸਿਟੀ ਸਾਰੀਆਂ ਖੇਡਾਂ ਲਈ ਖੇਡ ਤਕਨਾਲੋਜੀ ਅਤੇ ਉੱਚ ਪਧਰੀ ਸਿਖਲਾਈ ਦੇ ਖੇਤਰਾਂ ਵਿਚ ਵਿਭਿੰਨ ਪੱਧਰਾਂ 'ਤੇ ਗਿਆਨ ਅਤੇ ਯੋਗਤਾਵਾਂ ਦੇ ਵਿਕਾਸ ਲਈ ਮੌਕੇ ਪ੍ਰਦਾਨ ਕਰੇਗੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 19 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਖੇਡ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਮੰਤਵ ਲਈ ਅਜਿਹੀ ਅੰਤਰਾਸ਼ਟਰੀ ਪੱਧਰ ਦੀ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ  ਓਲੰਪੀਅਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਦੀ ਅਗਵਾਈ ਹੇਠ ਇੱਕ ਸਟੀਰਿੰਗ ਕਮੇਟੀ ਗਠਿਤ ਕੀਤੀ ਗਈ। ਪੰਜਾਬ ਮੰਤਰੀ ਮੰਡਲ ਵੱਲੋਂ 6 ਜੂਨ 2019 ਨੂੰ ਪੰਜਾਬ ਖੇਡ ਯੂਨੀਵਰਸਿਟੀ ਆਰਡੀਨੈਂਸ-2019 ਨੂੰ ਮਨਜ਼ੂਰੀ ਦੇਣ ਨਾਲ ਇਸ ਖੇਡ ਯੂਨੀਵਰਸਿਟੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ।