ਭਾਈ ਹਵਾਰਾ ਨੇ ਅੱਖ ਦੇ ਆਪਰੇਸ਼ਨ ਲਈ ਵੀਡੀਉ ਕਾਨਫ਼ਰੰਸਿੰਗ ਰਾਹੀਂ ਭੁਗਤੀ ਪੇਸ਼ੀ
ਦਿੱਲੀ ਦੀ ਤਿਹਾੜ ਜੇਲ ’ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦੇ ਆਪਰੇਸ਼ਨ ਲਈ ਅੱਜ
ਨਵੀਂ ਦਿੱਲੀ, 22 ਜੁਲਾਈ (ਸੁਖਰਾਜ ਸਿੰਘ): ਦਿੱਲੀ ਦੀ ਤਿਹਾੜ ਜੇਲ ’ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦੇ ਆਪਰੇਸ਼ਨ ਲਈ ਅੱਜ ਵੀਡੀਉ ਰਾਹੀਂ ਪੇਸ਼ੀ ਭੁਗਤੀ ਗਈ। ਉਨ੍ਹਾਂ ਵਲੋਂ ਪੇਸ਼ ਹੋਏ ਵਕੀਲ ਪਰਮਜੀਤ ਸਿੰਘ ਨੇ ਦਸਿਆ ਕੀ ਭਾਈ ਹਵਾਰਾ ਦੀ ਸੱਜੀ ਅੱਖ ਵਿਚ ਚਿੱਟਾ ਮੋਤੀਆ ਬਿੰਦ ਹੋ ਗਿਆ ਹੈ ਤੇ ਉਨ੍ਹਾਂ ਨੂੰ ਉਸ ਅੱਖ ਤੋਂ ਸਹੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ।
ਅਦਾਲਤ ਅੰਦਰ ਪੇਸ਼ ਹੋਏ ਜੇਲ ਅਧਿਕਾਰੀਆਂ ਨੇ ਦਸਿਆ ਕੀ ਕੋਰੋਨਾ ਮਹਾਂਮਾਰੀ ਕਰ ਕੇ ਦੀਨਦਿਆਲ ਹਸਪਤਾਲ ਨੂੰ ਕੋਰੋਨਾ ਸੈਂਟਰ ਬਣਾਉਣ ਕਰ ਕੇ ਸਾਨੂੰ ਤਰੀਕ ਅੱਗੇ ਵਧਾਉਣੀ ਪਈ ਹੈ। ਇਸ ਬਾਰੇ ਅੱਜ ਜੇਲ ਵਲੋਂ ਪੇਸ਼ ਕੀਤੀ ਗਈ ਰਿਪੋਰਟ ਬਾਰੇ ਜੱਜ ਸਾਹਿਬ ਨੇ ਜੇਲ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੀ ਸਬੂਤ ਹਨ
ਜੋ ਤੁਸੀਂ ਮਾਮਲੇ ਨੂੰ ਟਾਲ ਰਹੇ ਹੋ, ਜੇਕਰ ਇਕ ਤੈਅ ਸਮੇਂ ਅੰਦਰ ਭਾਈ ਹਵਾਰਾ ਦੀ ਅੱਖ ਦਾ ਆਪਰੇਸ਼ਨ ਨਹੀਂ ਹੁੰਦਾ ਤਾਂ ਕੀ ਉਨ੍ਹਾਂ ਦੀ ਅੱਖ ਖ਼ਰਾਬ ਹੋ ਸਕਦੀ ਹੈ, ਪੇਸ਼ ਹੋਏ ਜੇਲ ਅਧਿਕਾਰੀ ਇਸ ਬਾਰੇ ਕੋਈ ਜੁਆਬ ਨਹੀਂ ਦੇ ਪਾਏ ਤਦ ਜੱਜ ਸਾਹਿਬ ਨੇ ਜੇਲ ਵਾਲਿਆਂ ਨੂੰ 30 ਜੁਲਾਈ ਨੂੰ ਅਦਾਲਤ ਅੰਦਰ ਅਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।ਉਨ੍ਹਾਂ ਦੇ ਵਕੀਲ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਭਾਈ ਹਵਾਰਾ ਜੋ ਕੀ ਵੀਡੀਉ ਲਾਈਨ ਤੇ ਸਨ ਨੂੰ ਦੱਸ ਦਿੱਤੀ ਹੈ। ਭੇਜੀ ਗਈ ਜਾਣਕਾਰੀ ਮੁਤਾਬਕ ਜੇਲ ਦੇ ਡਾਕਟਰ ਜੋ ਪਿੱਛਲੇ ਤਿੰਨ-ਚਾਰ ਮਹੀਨੇ ਤੋਂ ਭਾਈ ਹਵਾਰਾ ਦੀ ਅੱਖ ਦਾ ਇਲਾਜ ਕਰ ਰਹੇ ਹਨ
ਤੇ ਜੇਲ ਅੰਦਰ ਕਈ ਵਾਰ ਅੱਖ ਦਾ ਚੈੱਕਅਪ ਕੀਤਾ ਸੀ ਤੇ 1 ਜੁਲਾਈ ਨੂੰ ਦੀਨਦਿਆਲ ਹਸਪਤਾਲ ਹਰੀ ਨਗਰ ਵੀ ਲੈ ਗਏ ਸਨ ਜਿਸ ਉਪਰੰਤ ਉਨ੍ਹਾਂ ਨੂੰ ਅੱਖ ਵਿਚ ਪਾਉਣ ਤੇ ਖਾਣ ਵਾਸਤੇ ਦਵਾਈਆਂ ਦਿਤੀਆਂ ਸਨ। ਭਾਈ ਹਵਾਰਾ ਨੂੰ ਸੱਜੀ ਅੱਖ ’ਚੋ ਦਿਸਣਾ ਘੱਟ ਹੋ ਗਿਆ ਹੈ ਤੇ ਡਾਕਟਰ ਨੇ ਤੁਰਤ ਆਪ੍ਰੇਸ਼ਨ ਕਰਾਉਣ ਲਈ ਕਿਹਾ ਹੈ।
ਭਾਈ ਹਵਾਰਾ ਦੀ ਅੱਖ ਦੇ ਇਲਾਜ ਬਾਰੇ ਉਨ੍ਹਾਂ ਦੇ ਵਕੀਲ ਵਲੋਂ ਜੇਲ ਅਧਿਕਾਰੀਆਂ ਨੂੰ ਲਿਖੀ ਚਿਠੀ ਦਾ ਜੁਆਬ ਨਾ ਮਿਲਣ ਕਰ ਕੇ ਉਨ੍ਹਾਂ ਨੇ ਹਾਈ ਕੋਰਟ ’ਚ ਅਪੀਲ ਲਗਾਈ ਤੇ ਇਸ ਅਪੀਲ ’ਚ ਕਿਹਾ ਗਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦਾ ਮਸਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਕਰ ਕੇ ਉਨ੍ਹਾਂ ਦੀ ਅੱਖ ਦਾ ਆਪਰੇਸ਼ਨ ਤਰੁਤ ਕਿਸੇ ਨਿਜੀ ਹਸਪਤਾਲ ਵਿਚ ਕਰਵਾਉਣ ਦੀ ਇਜਾਜਤ ਦਿਤੀ ਜਾਵੇ। ਜੇ ਕਿਸੇ ਕਿਸਮ ਦਾ ਕੋਈ ਖਰਚ ਹੁੰਦਾ ਹੈ ਤਾਂ ਅਸੀਂ ਉਸ ਦਾ ਭੁਗਤਾਨ ਵੀ ਕਰ ਦੇਵਾਂਗੇ। ਉਪਰੋਕਤ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।